ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 17


ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ ਸਫਲ ਜਨਮ ਗੁਰ ਚਰਨ ਸਰਨ ਕੈ ।

ਚਿਰੰਕਾਲ ਸਮੇਂ ਗੁਜਰਨ ਉਪਰੰਤ = ਅਨੰਤ ਜਨਮ ਜੂਨ ਜੂਨਾਂਤਰਾਂ ਵਿਚ ਭਟਕਨ ਉਪ੍ਰੰਤ, ਨਿਰਮੋਲ = ਅਮੋਲਕ ਲਖੀਂ ਕ੍ਰੋੜੀਂ ਬ੍ਯੰਤ ਮਾਯਾ ਖਰਚਿਆਂ ਭੀ ਜੋ ਹਥ ਨਹੀਂ ਆ ਸਕਦਾ, ਐਸੇ ਮਨੁੱਖਾ ਜਨਮ ਨੂੰ ਪ੍ਰਾਪਤ ਹੋ ਕੇ ਗੁਰਾਂ ਦੇ ਚਰਣਾਂ ਦੀ ਸ਼ਰਣ ਪੈਣ ਕਰ ਕੇ ਹੀ ਇਹ ਸਫਲਾ ਜਨਮ ਆਖਿਆ ਜਾ ਸਕਦਾ ਹੈ ਕਿਉਂਕਿ ਇਸ ਦੀ ਅਮੋਲਕਤਾ ਦਾ ਮਹੱਤ ਇਞੇਂ ਹੀ ਪ੍ਰਗਟ ਹੋ ਸਕਦਾ ਹੈ।

ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ ਸ੍ਰਵਨ ਅਮੋਲ ਗੁਰ ਬਚਨ ਧਰਨ ਕੈ ।

ਤਾਤਪਰਜ ਇਹ ਕਿ ਮਾਇਆ ਤੋਂ ਅਚਾਹ ਸਤਿਗੁਰਾਂ ਦਾ ਦਰਸ਼ਨ ਜੋ ਅਮੋਲਕ ਹੈ ਉਸ ਨੂੰ ਦੇਖਿਆ ਨੇਤ੍ਰ ਅਮੋਲਕ ਦਿਬ੍ਯ ਦ੍ਰਿਸ਼ਟੀ ਵਾਲੇ ਹੋ ਜਾਂਦੇ ਹਨ, ਅਰੁ ਗੁਰੂ ਮਹਾਰਾਜ ਦੇ ਬਚਨ ਉਪਦੇਸ਼ ਨੂੰ ਧਾਰਣ ਕਰਨ ਵਾਲੇ ਹੋਣ ਕਰ ਕੇ ਕੰਨ ਅਮੋਲਕ ਬਣ ਜਾਂਦੇ ਹਨ ਭਾਵ ਅਗੰਮ ਲੋਕ ਦੀ ਦਿੱਬ ਧੁਨੀ ਸੁਨਣ ਦੇ ਲਾਇਕ ਹੋ ਜਾਂਦੇ ਹਨ।

ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕੈ ਰਸਨਾ ਅਮੋਲ ਗੁਰਮੰਤ੍ਰ ਸਿਮਰਨ ਕੈ ।

ਗੁਰੂ ਮਹਾਰਾਜ ਦੇ ਚਰਣਾਰਬਿੰਦ ਚਰਣ ਕਮਲਾਂ ਉੱਪਰ ਨਮਸਕਾਰ ਕਰਦਿਆਂ ਹੋਇਆਂ ਉਨ੍ਹਾਂ ਦੀ ਧੂਲੀ ਵਿਚੋਂ ਉਸ ਦੇ ਸੁਗੰਧੀ ਦਾ ਅਧਾਰ ਹੋਣ ਕਰ ਕੇ ਵਾਸਨਾ ਦੀ ਲਪਟ ਤੋਂ ਨਾਸਾਂ ਅਮੋਲਕ ਹੋ ਜਾਂਦੀਆਂ ਹਨ, ਅਰੁ ਗੁਰਮੰਤ੍ਰ ਗੁਰੂ ਮਹਾਰਾਜ ਦੇ ਧੁਰੋਂ ਲਿਆ ਉਪਦੇਸ਼ੇ ਮੰਤ੍ਰ ਦੇ ਸਿਮਰਣ ਯਾਦ ਕਰਦੇ ਰਿਹਾਂ ਰਸਨਾ ਰਸਨਾ ਉਪਰ ਟਿਕਾਈ ਰਖਨ ਖਾਤਰ ਅਮੋਲਕ ਬਣ ਜਾਂਦੀ ਹੈ।

ਹਸਨ ਅਮੋਲ ਗੁਰਦੇਵ ਸੇਵ ਕੈ ਸਫਲ ਚਰਨ ਅਮੋਲ ਪਰਦਛਨਾ ਕਰਨ ਕੈ ।੧੭।

ਗੁਰਦੇਵ ਦੇਵ ਪ੍ਰਕਾਸ਼ ਸਰੂਪ ਸਤਿਗੁਰਾਂ ਦੀ ਸੇਵਾ ਕਰ ਕੇ ਹੱਥਾਂ ਦੀ ਅਮੋਲਕਤਾ ਸਫਲੀ ਹੁੰਦੀ ਹੈ, ਅਤੇ ਪਰਦੱਖਣਾ ਕਰਨ ਪਰਿਕਰਮਾ ਚਾਰੋਂ ਪਾਸੀਂ ਸਤਿਗੁਰਾਂ ਦੇ ਕਰਮਾਂ ਲੈਣ ਕਰ ਕੇ ਪੈਰ ਅਮੋਲਕ ਬਣਾ ਜਾਇਆ ਕਰਦੇ ਹਨ ॥੧੭॥


Flag Counter