ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 317


ਮੀਨ ਕਉ ਨ ਸੁਰਤਿ ਜਲ ਕਉ ਸਬਦ ਗਿਆਨੁ ਦੁਬਿਧਾ ਮਿਟਾਇ ਨ ਸਕਤ ਜਲੁ ਮੀਨ ਕੀ ।

ਮਛਲੀ ਨੂੰ ਸੂਝ ਨਹੀਂ ਜਿਸ ਕਰ ਕੇ ਉਹ ਸਮਝ ਸਕੇ ਕਿ ਜਲ ਓਸ ਦੀ ਔਕੁੜ ਸਮੇਂ ਸਹੈਤਾ ਨਹੀਂ ਕਰ ਸਕੇਗਾ, ਅਤੇ ਜਲ ਨੂੰ ਸਬਦ ਦਾ ਗਿਆਨ ਨਹੀਂ ਜਿਸ ਕਰ ਕੇ ਮਛੀ ਦੀ ਚੀਕ ਪੁਕਾਰ ਸੁਣ ਸਕੇ, ਵਾ ਸ੍ਵਾਦ ਦੀ ਚਾਟ ਵਿਚ ਮਰੀਣੋਂ ਓਸ ਨੂੰ ਲਲਕਾਰ ਹਟਾਵੇ ਇਸੇ ਕਰ ਕੇ ਹੀ ਇਹ ਵਿਚਾਰਾ ਮਛੀ ਦੀ ਦੁਬਿਧਾ ਦੁਚਿਤਾਈ ਚਿੰਤਾ ਨੂੰ ਸਮਾਂ ਪਏ ਨਹੀਂ ਮਿਟਾ ਸਕਦਾ। ਅਤੇ

ਸਰ ਸਰਿਤਾ ਅਥਾਹ ਪ੍ਰਬਲ ਪ੍ਰਵਾਹ ਬਸੈ ਗ੍ਰਸੈ ਲੋਹ ਰਾਖਿ ਨ ਸਕਤ ਮਤਿ ਹੀਨ ਕੀ ।

ਅਥਾਹ ਅਸਗਾਹ ਸਰੋਵਰ ਵਿਚ ਅਥਵਾ ਸਰਿਤਾ ਨਦੀ ਦੇ ਪ੍ਰਬਲ ਤੀਬਰ ਵੇਗ ਚਾਲ ਵਾਲੇ ਰੋੜ੍ਹ ਵਿਚ ਵਸਦੀ ਹੋਈ ਮਛੀ ਜਦ ਕੁੰਡੀ ਨੂੰ ਗ੍ਰਸੈ ਨਿਗਲ ਲੈਂਦੀ ਹੈ ਤਾਂ ਉਸ ਮਤਿ ਹੀਨ = ਮੂਰਖ ਦੀ ਰਖ੍ਯਾ ਨਹੀਂ ਕਰ ਸਕਦਾ।

ਜਲੁ ਬਿਨੁ ਤਰਫਿ ਤਜਤ ਪ੍ਰਿਅ ਪ੍ਰਾਨ ਮੀਨ ਜਾਨਤ ਨ ਪੀਰ ਨੀਰ ਦੀਨਤਾਈ ਦੀਨ ਕੀ ।

ਇਉਂ ਕੁੰਡੀ ਜਾਲ ਫੱਥੀ ਮਛੀ ਜਦ ਅਪਣੇ ਪ੍ਰਾਨ ਪ੍ਯਾਰੇ ਨੂੰ ਤ੍ਯਾਗਦੀ ਹੈ, ਤਾਂ ਜਲ ਪ੍ਰੀਤਮ ਬਿਨਾਂ ਤੜਫ ਕੇ ਪ੍ਰਾਨ ਦੇ ਦਿੰਦੀ ਹੈ, ਪਰ ਓਸ ਦੀਨ ਆਤੁਰ ਦੀ ਦੀਨਤਾ ਆਤੁਰਤਾ ਭਰੀ ਪੀੜ ਨੂੰ ਜਲ ਜਾਣਦਾ ਹੀ ਨਹੀਂ।

ਦੁਖਦਾਈ ਪ੍ਰੀਤਿ ਕੀ ਪ੍ਰਤੀਤ ਮੀਨ ਕੁਲ ਦ੍ਰਿੜ ਗੁਰਸਿਖ ਬੰਸ ਧ੍ਰਿਗੁ ਪ੍ਰੀਤਿ ਪਰਧੀਨ ਕੀ ।੩੧੭।

ਤਾਂ ਤੇ ਐਸੀ ਦੁਖਦਾਈ ਪ੍ਰੀਤੀ ਦੀ ਜੋ ਪ੍ਰਤੀਤ ਮਛਲੀ ਦੀ ਕੁਲ ਵਿਚ ਦ੍ਰਿੜ੍ਹ ਪ੍ਰਪੱਕ ਹੋਈ ਹੋਈ ਹੈ, ਐਹੋ ਜੇਹੀ ਪਰਾਧੀਨ ਪ੍ਰੀਤ ਨੂੰ ਗੁਰ ਸਿੱਖਾਂ ਦੀ ਬੰਸ ਸਿੱਖੀ ਮੰਡਲ ਵਿਚ ਧਿਰਕਾਰ੍ਯਾ ਗਿਆ ਹੈ। ਭਾਵ ਜਿਸ ਪ੍ਰੀਤੀ ਦੇ ਮਰਣ ਪ੍ਰਯੰਤ ਪਾਲਿਆਂ ਭੀ ਪ੍ਰਾਧੀਨਤਾ ਨਹੀਂ ਦੂਰ ਹੋ ਸਕਦੀ, ਮੋਖ ਨਹੀਂ ਹੋ ਸਕਦੀ, ਗੁਰ ਸਿੱਖ ਓਸ ਨੂੰ ਪ੍ਰਵਾਣ ਨਹੀਂ ਰਖਦੇ ॥੩੧੭॥


Flag Counter