ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 176


ਗੁਰਮਤਿ ਚਰਮ ਦ੍ਰਿਸਟਿ ਦਿਬਿ ਦ੍ਰਿਸਟਿ ਹੁਇ ਦੁਰਮਤਿ ਲੋਚਨ ਅਛਤ ਅੰਧ ਕੰਧ ਹੈ ।

ਗੁਰਮਤਿ ਗੁਰੂ ਦੀ ਸਿਖ੍ਯਾ ਅਨੁਸਾਰ ਤੱਕਨ ਵਾਲੀ ਬਣ ਕੇ ਚੰਮ ਦ੍ਰਿਸ਼ਟੀ ਬਾਹਰ ਦੇ ਪਦਾਰਥਾਂ ਨੂੰ ਦੇਖਣ ਹਾਰੀ ਪਰਤੱਖ ਨਿਗ੍ਹਾ ਸੂਖਮ ਦਰਸ਼ੀ ਅੰਤਰ ਦ੍ਰਿਸ਼ਟੀ ਵਾਲੀ ਬਣ ਜਾਯਾ ਕਰਦੀ ਹੈ ਅਰਥਾਤ ਹਰ ਇਕ ਪਦਾਰਥ ਦੀ ਅੰਤਰੀਵੀ ਦਸ਼ਾ ਨੂੰ ਤਕਨ ਲਈ ਸਮਰੱਥ ਹੋ ਜਾਇਆ ਕਰਦੀ ਹੈ। ਅਤੇ ਦੁਰਮਤਿ ਦੁਸ਼ਟ ਮਤਿ ਅਨੁਸਾਰ ਵਰਤਨ ਵਾਲੇ ਦੇ ਨੇਤਰ ਅਛਤ ਨੌਂ ਬਰ ਨੌਂ ਪ੍ਰਤਖ ਤੱਕਨ ਨੂੰ ਸਮਰੱਥ ਹੁੰਦੇ ਹੋਏ ਭੀ ਕੰਧ ਸਮਾਨ ਜੜ੍ਹ ਅੰਨੇਹੀ ਹੁੰਦੇ ਹਨ, ਅਰਥਾਤ ਮਲਮੂਤ੍ਰ ਆਦਿ ਦੁਰਗੰਧ ਭਰੇ ਦੇਹ ਆਦਿ ਪਦਾਰਥਾਂ ਨੂੰ ਜ੍ਯੋਂ ਕਿ ਤ੍ਯੋਂ ਰੂਪ ਵਿਚ ਨਹੀਂ ਤੱਕ ਸੱਕਦੇ।

ਗੁਰਮਤਿ ਸੁਰਤਿ ਕੈ ਬਜਰ ਕਪਾਟ ਖੁਲੇ ਦੁਰਮਤਿ ਕਠਿਨ ਕਪਾਟ ਸਨਬੰਧ ਹੈ ।

ਗੁਰਮਤਿ ਗੁਰਸਿਖ੍ਯਾ ਅਨੁਸਾਰ ਸੁਨਣ ਕਰ ਕੇ ਤਾਂ ਬਜਰ ਵਤ ਵਾਹਿਗੁਰੂ ਦੇ ਮਾਰਗ ਵੱਲ ਅਨਭਿੱਦ ਦਸ਼ਾ ਵਿਚ ਜੜੇ ਹੋਏ ਮਹਾਂ ਦ੍ਰਿੜ ਕਿਵਾੜ ਖੁੱਲ ਔਂਦੇ ਹਨ, ਅਰਥਾਤ ਸੁਨਣ ਦੀ ਸ਼ਕਤੀ ਕੰਨਾਂ ਅਗੇ ਅਨੰਤ ਜਨਮਾਂ ਦੇ ਆਏ ਦਿਆਂ ਪਹਿਲੇ ਹੀ ਕਰੜੇ ਹੁੰਦੇ ਹੋਏ ਭੀ ਉਕਤ ਪੜਦੇ ਸਨ ਸਮ੍ਯਕ ਪ੍ਰਕਾਰ ਕਰ ਕੇ ਅਤ੍ਯੰਤ ਕਰ ਕੇ ਪਹਿਲੇ ਨਾਲੋਂ ਭੀ ਵਧਕੇ ਬੰਧ ਬੰਧਾਯਮਾਨ ਹੋ ਜਕੜੇ ਜਾਯਾ ਕਰਦੇ ਹਨ ਭਾਵ ਮਰਮ ਦੀ ਬਾਤ ਸੁਨਣੋਂ ਮੂਲੋਂ ਹੀ ਅਸਮਰੱਥ ਹੋ ਜਾਯਾ ਕਰਦੇ ਹਨ।

ਗੁਰਮਤਿ ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਦੁਰਮਤਿ ਮੁਖਿ ਦੁਰਬਚਨ ਦੁਰਗੰਧ ਹੈ ।

ਗੁਰਮਤਿ ਅਨੁਸਾਰ ਵਰਤਨ ਕਰ ਕੇ ਪ੍ਰੇਮ ਰਸ ਰੂਪ ਅੰਮ੍ਰਿਤ ਦਾ ਭੰਡਾਰ ਛਕਨ ਲਈ ਪ੍ਰਾਪਤ ਹੋ ਜਾਯਾ ਕਰਦਾ ਹੈ। ਪਰ ਦੁਰਮਤਿ ਅਨੁਸਾਰ ਵਰਤਿਆਂ ਮੂੰਹ ਵਿਚ ਦੁਸ਼ਟ ਬਾਣੀ ਗਾਲ ਮੰਦੇ ਰੂਪ ਦੁਰਬਾਸਨਾ ਬਦਬੂ ਦਾ ਵਾਸਾ ਹੋਯਾ ਰਹਿੰਦਾ ਹੈ। ਅਰਥਾਤ ਹਰ ਵੇਲੇ ਗੰਦ ਮੰਦ ਹੀ ਬੋਲਦੇ ਰਹਿੰਦੇ ਹਨ।

ਗੁਰਮਤਿ ਸਹਜ ਸੁਭਾਇ ਨ ਹਰਖ ਸੋਗ ਦੁਰਮਤਿ ਬਿਗ੍ਰਹ ਬਿਰੋਧ ਕ੍ਰੋਧ ਸੰਧਿ ਹੈ ।੧੭੬।

ਗੁਰਮਤਿ ਗੁਰਸਿਖ੍ਯਾ ਕਾਰਣ ਸੁਭਾਵ ਸਹਜ ਸ਼ਾਂਤ ਭਾਵ ਵਾਲਾ ਅਥਵਾ ਸਹਜੇ ਹੀ ਸੁ+ਭਾਵ ਵਾਲਾ ਆਤਮ ਪਦ ਵਾਸੀ ਬਣ ਜਾਂਦਾ ਹੈ, ਜਿਸ ਕਰ ਕੇ ਹਰਖ ਸੋਗ ਦਾ ਅਸਰ ਓਸਤੇ ਨਹੀਂ ਵਾਪਰ ਸਕਦਾ। ਪ੍ਰੰਤੂ ਦੁਰਮਤਿ ਦੁਸ਼ਟਾਂ ਦੀ ਸਿਖ੍ਯਾ ਸਿਖੀਏ ਤਾਂ ਬਿਗ੍ਰਹ ਦੰਗਾ ਲੜਾਈ, ਵੈਰ ਵਿਰੋਧ ਬੇ ਇਤਫਾਕੀ ਅਰੁ ਕ੍ਰੋਧ ਨਾਲ ਸੰਧਿ ਜੋੜ ਸਰਬੰਧ ਵਾਹ ਪਿਆ ਕਰਦਾ ਹੈ ॥੧੭੬॥


Flag Counter