ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 29


ਸਬਦ ਸੁਰਤਿ ਲਿਵ ਗੁਰਸਿਖ ਸੰਧ ਮਿਲੇ ਪੰਚ ਪਰਪੰਚ ਮਿਟੇ ਪੰਚ ਪਰਧਾਨੇ ਹੈ ।

ਗੁਰੂ ਅਰ ਸਿੱਖਾਂ ਦੀ ਸੰਧਿ ਜੋੜ ਮਿਲਿਆਂ ਸ਼ਬਦ ਵਿਖੇ ਸੁਰਤਿ ਸਰੀਰ ਅੰਦਰ ਅੰਗ ਅੰਗ ਰੋਮ ਰੋਮ, ਸੁਰਤ ਰੱਖਣ ਕਰ ਕੇ ਚੇਤਨ ਕਲਾ ਆਤਮ ਸੱਤਾ ਸਰੂਪਿਨੀ ਅੰਤ੍ਰਯਾਮੀ ਦੀ ਜੋਤ ਨੂੰ ਗੁਰਬਾਣੀ ਅੰਦਰ ਸੰਕੇਤੀ ਤੌਰ ਤੇ ਸੁਰਤਿ ਨਾਮ ਨਾਲ ਹੀ ਉਚਾਰਿਆ ਗਿਆ ਹੈ, ਸੋ ਉਕਤ ਸੁਰਤਿ ਦੀ ਲਿਵ ਲਗ ਜਾਂਦੀ ਹੈ। ਭਾਵ ਆਪਾ, ਸ਼ਬਦ ਵਿਖੇ ਮਗਨ ਹੋ ਜਾਂਦਾ ਹੈ ਜਿਸ ਕਰ ਕੇ ਪੰਚ ਪਰਪੰਚ = ਪੰਜਾਂ ਤੱਤਾਂ ਦਾ ਰਚਿਆ ਹੋਇਆ ਪਸਾਰਾ ਸੰਸਾਰ ਦ੍ਰਿਸ਼ਟੀ ਵਾਲਾ ਮਿਟ ਜਾਂਦਾ ਹੈ। ਪ੍ਰਤੀਤ ਹੋਣੋਂ ਰਹਿਤ ਹੋ ਜਾਂਦਾ ਹੈ ਅਰ ਪੰਚ +ਪਰ+ਧਾਨੇ ਹੈ = ਪੰਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ 'ਪਰੇ' ਦੂਰ 'ਧਾਨੇ' ਨੱਠ ਜਾਂਦੇ ਹਨ ਭਾਵ ਇਨ੍ਹਾਂ ਦਾ ਬਲ ਸਮੂਲਚਾ ਨਸ਼ਟ ਹੋ ਜਾਂਦਾ ਹੈ।

ਭਾਗੈ ਭੈ ਭਰਮ ਭੇਦ ਕਾਲ ਅਉ ਕਰਮ ਖੇਦ ਲੋਗ ਬੇਦ ਉਲੰਘਿ ਉਦੋਤ ਗੁਰ ਗਿਆਨੇ ਹੈ ।

ਨਾਲ ਹੀ ਭਰਮ ਸ਼ਰੀਰ ਨੂੰ ਆਪਾ ਸਮਝਨ ਵਾਲੀ ਭੁੱਲਨਾਂ ਤੋ ਉਤਪੰਨ ਹੋਇਆ ਸਰਬ ਪ੍ਰਕਾਰ ਦਾ ਭੇਦ ਅਤੇ ਭੇਦ ਤੋਂ ਉਤਪੰਨ ਹੋਣ ਵਾਲੇ ਹਰ ਭਾਂਤ ਦੇ ਭੈ ਡਰ ਹਾਨ, ਲਾਭ, ਜਸ ਅਪਜਸ ਵਾ ਜਨਮ ਮਰਣ ਆਦਿ ਭੀ ਭੱਜ ਜਾਂਦੇ ਨਿਵਰਤ ਹੋ ਜਾਂਦੇ ਹਨ ਅਰੁ ਐਸਾ ਹੀ ਕਾਲ ਦਿਸ਼ਾ, ਯੋਗਨੀਆਂ, ਨਖ੍ਯਤ੍ਰ ਵਾ ਗ੍ਰਹਿ ਆਦਿਕਾਂ ਤੋਂ ਤਥਾ ਕਰਮ ਸੰਚਿਤ = ਪੂਰਬਲੇ ਜਨਮਾਂ ਦੇ ਕੀਤੇ ਹੋਏ ਅਗੇ ਲਈ ਫਲ ਨੂੰ ਪੈਦਾ ਕਰਨ ਵਾਲੇ ਅਤੇ ਵਰਤਮਾਨ ਜਨਮ ਵਿਚ ਤੀਰਥ ਬਾਸਨਾ ਦੇ ਬੇਗ ਕਾਰਣ ਕੀਤੇ ਜਾ ਰਹੇ ਕ੍ਰਿਯਮਾਨ ਕਰਮ ਤਥਾ ਪ੍ਰਾਰਬਧ ਭੋਗਦਿਆਂ ਵਰਤ ਰਹੀਆਂ ਘਟਨਾ ਤੋਂ ਪੈਦਾ ਹੋਣਹਾਰੀਆਂ ਚਿੰਤਾ ਆਦਿਕ ਦੇ ਖੇਦ ਕਲੇਸ਼ ਭੀ ਦੂਰ ਹੋ ਜਾਂਦੇ ਹਨ। ਭਾਗੈ ਸ਼ਬਦ ਦਾ ਸਭ ਨਾਲ ਸੰਬੰਧ ਹੈ ਅਤੇ ਇਞੇਂ ਹੀ ਲੋਕਾਚਾਰ ਵਾ ਬੇਦ ਆਚਾਰ ਰੂਪ ਲੌਕਿਕ ਬੇਦਿਕ ਰੀਤਾਂ ਰਸਮਾਂ ਦੀਆਂ ਸਿਆਣਪਾਂ ਤੋਂ ਉਲੰਘ ਉਪ੍ਰਾਮ ਹੋ ਜਾਂਦਾ ਹੈ ਤੇ ਉਸ ਦੇ ਅੰਦਰ ਗੁਰ ਗਿਆਨੇ ਉਦੋਤ ਹੈ ਬ੍ਰਹਮਗਿਆਨ ਉਦੇ ਪ੍ਰਗਟ ਹੋ ਆਉਂਦਾ ਹੈ ਗੁਰੂ ਨਾਮ ਵਡੇ ਦਾ ਹੈ ਤੇ ਬ੍ਰਹਮ ਭੀ ਬਡੇ ਅਰਥ ਦਾ ਸੂਚਕ ਹੈ ਇਸ ਵਾਸਤੇ ਸਮ ਅਰਥ ਬੋਧਕ ਹੋਣ ਕਰ ਕੇ ਗੁਰੂ ਅਰ ਬ੍ਰਹਮ ਪ੍ਰਯਾਯ ਵਾਚੀ ਸ਼ਬਦ ਜਾਣ ਕੇ ਗੁਰੂ ਦੇ ਅਰਥ ਬ੍ਰਹਮ ਲਈ ਹਨ।

ਮਾਇਆ ਅਉ ਬ੍ਰਹਮ ਸਮ ਦਸਮ ਦੁਆਰ ਪਾਰਿ ਅਨਹਦ ਰੁਨਝੁਨ ਬਾਜਤ ਨੀਸਾਨੇ ਹੈ ।

ਮਾਯਾ ਔਰ ਬ੍ਰਹਮ ਜੋ ਦੋ ਨ੍ਯਾਰੇ ਨਾਮਾਂ ਰਾਹੀਂ ਆਖਣ ਵਿਚ ਆਉਂਦੇ ਹਨ ਗੁਰਮਤਿ ਅਨੁਸਾਰਿਣੀ ਪੂਰਬ ਕਥਨ ਕੀਤੀ ਕਮਾਈ ਸਾਧਦਿਆਂ ਦਸਮ ਦੁਆਰੋਂ ਪਾਰ ਸੁਰਤ ਦੇ ਲੰਘ ਜਾਣ ਕਾਰਣ ਸਮ ਸਮਤਾ ਭਾਵ ਵਿਚ ਆ ਕੇ ਇਕ ਰੂਪ ਹੋ ਜਾਂਦੇ ਹਨ ਭਾਵ ਅਧ੍ਯਸੂ ਰੂਪ ਕਲਪਿਤ ਮਾਇਆ ਆਪਣੇ ਅਧਿਸ਼ਟਾਨ ਸਰੂਪ ਬ੍ਰਹਮ ਵਿਖੇ ਲੀਨ ਹੋ ਕੇ ਇਸ ਮਾਤ੍ਰ ਸਮਾਨ ਸੱਤਾ ਦਾ ਹੀ ਵਰਤਾਰਾ ਵਰਤ ਜਾਇਆ ਕਰਦਾ ਹੈ ਜਦਕਿ ਅਨਹਦ ਧੁਨੀ ਦਾ ਰੁਣ ਝੁਣਕਾਰ ਜੈ ਜੈਕਾਰ ਗੱਜਦਾ ਹੋਇਆ ਇਸ ਉੱਚ ਅਵਸਥਾ ਦੀ ਨਿਸ਼ਾਨੀ ਦਿਆ ਕਰਦਾ ਹੈ। ਅਥਵਾ ਅਨਹਦ ਧੁਨੀ ਦੇ ਨਗਾਰੇ ਨਿਸ਼ਾਨੇ ਬਾਜਤ ਵੱਜ ਪਿਆ ਕਰਦੇ ਹਨ।

ਉਨਮਨ ਮਗਨ ਗਗਨ ਜਗਮਗ ਜੋਤਿ ਨਿਝਰ ਅਪਾਰ ਧਾਰ ਪਰਮ ਨਿਧਾਨੇ ਹੈ ।੨੯।

ਗੱਲ ਕੀਹ ਕਿ ਇਸ ਅਗੰਮੀ ਧੁਨੀ ਦੀ ਤਾਰ ਦੇ ਸਹਾਰੇ ਗੁਰਮੁਖ ਦੀ ਸੁਰਤਿ ਉਨਮਨ ਉਤਕੰਠਿਤ ਹੋਈ ਤੀਬਰ ਉਤਸਾਹ ਸੰਪੰਨ ਹੋਈ ਮਗਨ ਹੋ ਜਾਂਦੀ ਹੈ ਵਾ ਉਨਮਨੀ ਅਵਸਥਾ ਵਿਚ ਲੀਨ ਹੋ ਜਾਂਦੀ ਹੈ ਜਦ ਕਿ ਗਗਨ ਆਕਾਸ਼ = ਸੁੰਨ = ਅਫੁਰ ਮੰਡਲ ਵਿਖੇ ਜਗ ਮਗ ਜ੍ਯੋਤੀ ਦਾ ਪ੍ਰਕਾਸ਼ ਸਾਖ੍ਯਾਤਕਾਰਤਾ ਨੂੰ ਪ੍ਰਾਪਤ ਹੋਇਆ ਕਰਦਾ ਹੈ ਤੇ ਪਰਮ ਨਿਧਾਨ ਮਹਾਨ ਨਿਧੀਆਂ ਦਾ ਅਸਥਾਨ ਰੂਪ ਦਿਬ੍ਯ ਅੰਮ੍ਰਿਤ ਦੀ ਅਪਾਰ ਧਾਰਾ ਇਕ ਰਸ ਸ੍ਰਵਿਆ ਕਰਦੀ ਇਸ ਨੂੰ ਅਬਿਨਾਸ਼ੀ ਤ੍ਰਿਪਤੀ ਬਖਸ਼ਿਆ ਕਰਦੀ ਹੈ ॥੨੯॥


Flag Counter