ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 247


ਪਾਂਚੋ ਮੁੰਦ੍ਰਾ ਚਕ੍ਰਖਟ ਭੇਦਿ ਚਕ੍ਰਵਹਿ ਕਹਾਏ ਉਲੁੰਘਿ ਤ੍ਰਿਬੇਨੀ ਤ੍ਰਿਕੁਟੀ ਤ੍ਰਿਕਾਲ ਜਾਨੇ ਹੈ ।

ਭੂਚਰੀ; ਖੇਚਰੀ; ਚਾਚਰੀ; ਸਾਂਭਵੀ; ਉਨਮਨੀ ਇਨਾਂ ਪੰਜਾਂ ਮੁੰਦ੍ਰਾਂ ਨੂੰ ਸਾਧਨ ਦ੍ਵਾਰਾ ਮੂਲਾ ਧਾਰ ਸ੍ਵਾਧਿਸ਼ਟਾਨ, ਮਣੀਪੂਰ, ਅਨਾਹਤ, ਵਿਸ਼ੁੱਧ; ਅਰੁ ਆਗ੍ਯਾ ਏਨਾਂ ਛੀਆਂ ਚਕ੍ਰਾਂ ਨੂੰ ਭੇਦਿ ਬੇਧਨ ਕਰਕੇ; ਗੁਰਮੁਖ ਚਕ੍ਰਵਰਤੀ ਮਹਾਰਾਜੇ ਵਤ ਅਟੱਲ ਪ੍ਰਤਾਪੀ ਅਕੰਟਕ ਸਰਬ ਪ੍ਰਕਾਰ ਕਰ ਕੇ ਅਜ਼ਾਦ ਮੁਕਤ ਕਹੌਂਦੇ ਹਨ। ਭਾਵ ਸੰਤ ਪਦ ਨੂੰ ਐਸੇ ਪੁਰਖ ਹੀ ਪ੍ਰਾਪਤ ਹੋਯਾ ਕਰਦੇ ਹਨ। ਸਾਥ ਹੀ ਇੜਾ ਪਿੰਗਲਾ ਸੁਰ ਨੂੰ ਸਮੇਤ ਸੁਖਮਣਾ ਸੁਰ ਦੇ ਸਾਧ ਕੇ ਇਨਾਂ ਤਿੰਨਾਂ ਦੇ ਸੰਗਮ ਸਥਾਨ ਰੂਪ ਤ੍ਰਿਬੇਣੀ ਘਾਟ ਸਹਜ ਸੁੰਨ ਘਾਟ ਨੂੰ ਭੀ ਧਿਆਨ ਬਲ ਕਰ ਕੇ ਉਲੰਤ ਜਾਂਦਾ ਹੈ ਤੇ ਇਉਂ ਗੁਰਮੁਖ ਤ੍ਰਿਕੁਟੀ ਤਿਕੋਣੇ ਅਕਾਰ ਚਕ੍ਰ ਵਿਚ ਜਾ ਪੁਜਦਾ ਹੈ। ਉਤਪਤੀ, ਪਾਲਨਾ ਤਥਾ ਸੰਘਾਰ ਕਾਰਿਣੀ ਸ਼ਕਤੀ ਦਾ ਇਹ ਟਿਕਾਣਾ ਹੋਣ ਕਾਰਣ ਇਥੇ ਗੁਰਮੁਖ ਤਿੰਨਾਂ ਕਾਲਾਂ ਵਿਖੇ ਵਰਤਮਾਨ ਦਸ਼ਾ ਦਾ ਜਾਨਣ ਹਾਰਾ ਬਣ ਜਾਯਾ ਕਰਦਾ ਹੈ।

ਨਵ ਘਰ ਜੀਤਿ ਨਿਜ ਆਸਨ ਸਿੰਘਾਸਨ ਮੈ ਨਗਰ ਅਗਮਪੁਰ ਜਾਇ ਠਹਰਾਨੇ ਹੈ ।

ਇਉਂ ਸਰੀਰ ਅੰਦਰਲੇ ਬਾਹਰ ਮੁਖੀ ਪਾਸੇ ਸਰਨ ਦੇ ਸਾਧਨ ਜੋ ਨੇਤ੍ਰ; ਨਾਸਾਂ; ਕੰਨ; ਮੁਖ ਤਥਾ ਮਲ ਮੂਤ੍ਰ ਦੇ ਦ੍ਵਾਰ ਰੂਪ ਨੌਂ ਗੋਲਕ ਹਨ, ਏਨਾਂ ਇੰਦ੍ਰੀਆਂ ਦੇ ਘਰਾਂ ਨੂੰ ਜਿੱਤ ਕੇ ਨਿਜ ਆਪਣਾ ਆਪੇ ਦਾ ਜੋ ਆਸਨ ਇਸਥਿਤੀ ਦਾ ਟਿਕਾਣਾ ਹੈ ਤਿਸ ਸਿੰਘਾਸਨ ਰੂਪ ਦਸਮ ਦ੍ਵਾਰ ਵਿਖੇ; ਜਿਸ ਨੂੰ ਸਹਸ੍ਰਾਰ ਵਾ ਸਹੰਸ੍ਰਦਲ ਕਮਲ ਭੀ ਆਖਦੇ ਹਨ ਉਸ ਵਿਚ ਪਹੁੰਚਿਆ ਕਰਦਾ ਹੈ; ਅਤੇ ਐਸਾ ਹੀ ਉਥੋਂ ਭੀ ਅਭ੍ਯਾਸ ਰੀਤੀ ਨਾਲ ਚੜ੍ਹਾਈ ਕਰਦਾ ਕਰਦਾ ਅਗੰਮ ਪੁਰ ਬੇਗੰਮ ਸਥਾਨ ਪਰਮਾਨੰਦ ਪਦ ਵਿਖੇ ਜਾ ਸਮਾਯਾ ਕਰਦਾ ਹੈ।

ਆਨ ਸਰਿ ਤਿਆਗਿ ਮਾਨਸਰ ਨਿਹਚਲ ਹੰਸੁ ਪਰਮ ਨਿਧਾਨ ਬਿਸਮਾਹਿ ਬਿਸਮਾਨੇ ਹੈ ।

ਸਹਸ੍ਰਾਰ ਚਕ੍ਰ ਰੂਪ ਦਸਮ ਦ੍ਵਾਰੇ ਪੁਜਕੇ ਸਰਨ ਦੇ ਸਥਾਨ ਰੂਪ ਹੋਰਨਾਂ ਸਰਾਂ ਨੂੰ ਵਾ ਹੋਰ ਪਾਸੇ ਸਰਨਾ ਇੰਦ੍ਰੀਆਂ ਦੇ ਅਧੀਨ ਹੋ, ਮਨ ਦੇ ਵੇਗ ਨਾਲ ਚਲਾਯਮਾਨ ਹੋ ਵਰਤਨਾ ਤ੍ਯਾਗ ਕੇ ਮਨ ਜਿਥੋਂ ਸਰਦਾ ਪ੍ਰਗਟਦਾ ਹੈ ਉਸ ਮਾਨ ਸ੍ਰੋਵਰ ਸੁੰਨ ਸ੍ਰੋਵਰ ਦਾ ਨਿਹਚਲ ਸਦੀਵ ਕਾਲ ਵਾਸੀ ਹੰਸ ਪੂਰਨ ਸਿੱਖ ਬਣ ਜਾਯਾ ਕਰਦਾ ਹੈ ਤੇ ਬਿਸਮਾਹਿ ਬਿਸਮਾਨੇ ਅਚਰਜਤਾ ਨੂੰ ਭੀ ਅਚਰਜ ਕਰਣਹਾਰੇ ਪਰਮ ਨਿਧਾਨ ਪਰਮ ਤੱਤ ਨੂੰ ਪ੍ਰਾਪਤ ਹੋ ਜਾਂਦਾ ਹੈ।

ਉਨਮਨ ਮਗਨ ਗਗਨ ਅਨਹਦ ਧੁਨਿ ਬਾਜਤ ਨੀਸਾਨ ਗਿਆਨ ਧਿਆਨ ਬਿਸਰਾਨੇ ਹੈ ।੨੪੭।

ਜਿਸ ਪਰਮ ਤਤ੍ਵ ਸਰੂਪ ਪਰਮ ਪਦ ਅਵਸਥਾ ਵਿਖੇ ਉਨਮੱਤ ਹੋਯਾ ਇਹ ਮਗਨ ਹੋ ਜਾਂਦਾ ਹੈ, ਤੇ ਉਸ ਗਗਨ ਪਰਮ ਆਕਾਸ਼ ਅਗੰਮ ਪੁਰ ਵਿਖੇ ਅਨਹਦ ਧੁਨੀ ਦੇ ਨੀਸਾਨ ਨਗਾਰੇ ਵਜਨ ਲਗ ਪੈਂਦੇ ਹਨ; ਜਿਨਾਂ ਦੀ ਧੁਨੀ ਅਗੇ ਸਭ ਗਿਆਨ ਧਿਆਨ ਮੂਲੋਂ ਹੀ ਬਿਸਰ ਜਾਂਦੇ ਹਨ ॥੨੪੭॥


Flag Counter