ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 46


ਮਨ ਬਚ ਕ੍ਰਮ ਹੁਇ ਇਕਤ੍ਰ ਛਤ੍ਰਪਤਿ ਭਏ ਸਹਜ ਸਿੰਘਾਸਨ ਕੈ ਅਬਿ ਨਿਹਚਲ ਰਾਜ ਹੈ ।

ਮਨ, ਬਚ, ਕ੍ਰਮ = ਮਨ ਬਾਣੀ ਅਰੁ ਸਰੀਰ ਜਦ ਇਕਤ੍ਰ੍ਰ ਹੋ ਜਾਣ ਇਕ ਘਾਟ ਤੇ ਕੰਮ ਕਰਨ ਲੱਗ ਜਾਣ ਭਾਵ ਸਰੀਰ ਇੰਦ੍ਰੀਆਂ ਦਾ ਅਸਥਾਨ ਉਹ ਕੁਝ ਕਰੇ ਜੋ ਬਾਣੀ ਮੂੰਹੋਂ ਨਿਕਲ ਚੁੱਕੀ ਹੋਵੇ ਅਰੁ ਬਾਣੀ ਉਹ ਮੂੰਹੋਂ ਨਿਕਲੇ ਜੋ ਮਨ ਦੇ ਮਨਨ ਵਿਚ ਆ ਗਈ ਹੋਵੇ ਅਰਥਾਤ ਜਿਹੜੀ ਐਨ ਨਿਸਚੇ ਵਿਚ ਆ ਚੁੱਕੀ ਹੋਵੇ ਤਾਂ ਇਸ ਪ੍ਰਕਾਰ ਸੰਕਲਪ ਕਥਨੀ ਅਰ ਕਰਣੀ ਦੇ ਇਕ ਸਮਾਨ ਵਰਤਾਰੇ ਦਾ ਸੁਭਾਵ ਪ੍ਰਪੱਕ ਹੋ ਜਾਵੇ ਤਾਂ ਗੁਰਮੁਖ ਛਤ੍ਰਪਤਿ ਸੱਚਾ ਪਾਤਿਸ਼ਾਹ ਬਣਾ ਜਾਂਦਾ ਹੈ। ਅਰੁ ਐਸੀ ਰਹਿਣੀ ਵਾਲਾ ਹੋ ਕੇ ਸਹਜ ਸਿੰਘਾਸਨ ਸਹਜਭਾਵੀ ਇਸਥਿਤੀ ਵਿਖੇ ਇਸਥਿਤ ਵਿਸ਼੍ਰਾਮ ਨੂੰ ਪੌਂਦਾ ਹੋਇਆ ਲਿਹਚਲ ਰਾਜ ਅਡੋਲ ਅਕੰਟਕ ਇਕਰਸ ਰਾਜ ਸੋਭਾ ਪ੍ਰਭਾਵ ਨੂੰ ਮਾਣਿਆ ਕਰਦਾ ਹੈ।

ਸਤ ਅਉ ਸੰਤੋਖ ਦਇਆ ਧਰਮ ਅਰਥ ਮੇਲਿ ਪੰਚ ਪਰਵਾਨ ਕੀਏ ਗੁਰਮਤਿ ਸਾਜ ਹੈ ।

ਸਤ੍ਯ ਮਨ ਬਾਣੀ ਸਰੀਰ ਕਰ ਕੇ ਸੱਚ ਦਾ ਪਾਲਨ ਕਰਨਾ ਅਰੁ ਸੰਤੋਖ ਜੈਸੀ ਲੱਭਤ ਹੋਵੇ ਉਸ ਪਰ ਪ੍ਰਸੰਨ ਰਹਿਣਾ, ਦਯਾ ਦੁਖੀਏ ਦੀ ਸਹੈਤਾ ਕਰਨੀ ਧਰਮ ਸੱਚੇ ਭਰੋਸੇ ਉਤੇ ਪਹਿਰਾ ਦੇਣਾ ਤਥਾ ਅਰਥ ਗੁਰਮਤ ਸਿਧਾਂਤ ਉਪਰ ਨਿਸਚਾ ਰੱਖਣਾ ਇਨ੍ਹਾਂ ਪੰਜਾਂ ਨੂੰ ਅਪਣੀ ਸਮੂੰਹ ਵਰਤਨ ਵਿਖੇ ਮੇਲ ਇਕ ਸਮ ਵਿਹਾਰ ਵਿਚ ਲਿਔਣਾ ਪ੍ਰਵਾਣ ਕਬੂਲ ਕਰ ਕੇ ਮਾਨੋ ਏਸ ਪੰਜ ਕੌਂਸਲੀ ਰਾਹੀਂ ਗੁਰਮਤਿ ਦੀ ਸਾਜਨਾ = ਪ੍ਰਵਿਰਤੀ ਨੂੰ ਨਿਬਾਹਿਆ ਕਰਦਾ ਹੈ।

ਸਕਲ ਪਦਾਰਥ ਅਉ ਸਰਬ ਨਿਧਾਨ ਸਭਾ ਸਿਵ ਨਗਰੀ ਸੁਬਾਸ ਕੋਟਿ ਛਬਿ ਛਾਜ ਹੈ ।

ਸਕਲ ਪਦਾਰਥ = ਧਰਮ ਅਰਥ ਕਾਮ ਮੋਖ ਰੂਪ ਚਾਰੋਂ ਹੀ ਪਦਾਰਥਾਂ ਦੀ ਪ੍ਰਾਪਤੀ ਰਹਿਣੀ ਅਉ ਸਰਬ ਨਿਧਾਨ = ਅਰੁ ਸਮੂੰਹ ਨਿਧਾਨ ਭੰਡਾਰੇ ਵੈਰਾਗ ਭਗਤੀ ਆਦਿ ਗੁਣਾਂ ਦੇ ਭੀ ਪ੍ਰਾਪਤ ਹੋਏ ਰਹਿੰਦੇ ਹਨ। ਐਸੇ ਉਸ ਗੁਰਮੁਖ ਦੀ ਸਪਾ ਕਚੈਹਰੀ ਲੱਗੀ ਰਹਿੰਦ ਹੈ। ਅਰਥਾਤ ਇਸੀ ਪ੍ਰਕਾਰ ਦੇ ਸਾਧਨਾਂ ਅਰ ਗੁਣਾਂ ਸੰਪੰਨ ਹੋਣ ਕਰ ਕੇ ਉਸ ਦੇ ਅੰਤਾਕਰਣ ਦਾ ਜੋ ਮੂਲੋਂ ਹੀ ਅਫੁਰ ਭਾਵ ਵਿਖੇ ਹੋ ਜਾਣਾ ਹੈ ਸੋ ਇਹ ਨਿਵਿਰਤੀ ਭਾਵ ਰੂਪ ਅਰਥਾਤ ਸਭ ਸੰਕਲਪ ਬਾਸਨਾ ਆਦਿ ਦੇ ਅਭਾਵ ਦੇ ਅਭਾਵ ਹੋ ਜਾਣੇ ਉਪ੍ਰੰਤ ਜੋ ਭਾਵ ਰੂਪ ਪਦ ਅਵਸਥਾ ਹੈ ਇਹੀ ਸਭਾ ਉਸ ਦੀ ਜਾਣੋ। ਸ਼ਿਵ ਨਗਰੀ = ਮੰਗਲ ਮਈ ਨਗਰੀ ਰਾਜਧਾਨੀ ਹੈ ਅਤੇ ਸੁਬਾਸ ਸ੍ਰੇਸ਼ਟ ਬਾਸ਼ਨਾ ਸੁਕੀਰਤੀ ਦਾ ਕੋਟ ਫਸੀਲ = ਵਲਗਨ ਮਾਨੋ ਉਸ ਦੀ ਸਹਿਰ ਪਨਾਹ ਹੈ। ਅਥਵਾ ਸੁਬਾਸ = ਸੁ ਆਤਮ ਪਦ +ਬਾਸ ਨਿਵਾਸ = ਆਤਮ ਪਦ ਵਿਖੇ ਹੀ ਆਤਮਾ ਰਾਮੀ ਹੋਏ ਰਹਿਣਾ ਇਹ ਸ਼ਹਿਰ ਪਨਾਹ ਫਸੀਲ ਹੈ। ਬਸ ਇਉਂ ਦੀ ਛਬਿ ਸ਼ੋਭਾ ਸੁੰਦਰਤਾ ਕਰ ਕੇ ਛਾਜ ਹੈ ਪ੍ਰਭਾਵ ਸੰਪੰਨ = ਦਬ ਦਬੇ ਵਾਲਾ ਉਹ ਬਣਿਆ ਰਹਿੰਦਾ ਹੈ।

ਰਾਜਨੀਤਿ ਰੀਤਿ ਪ੍ਰੀਤਿ ਪਰਜਾ ਕੈ ਸੁਖੈ ਸੁਖ ਪੂਰਨ ਮਨੋਰਥ ਸਫਲ ਸਬ ਕਾਜ ਹੈ ।੪੬।

ਪ੍ਰੀਤ ਦੀ ਰੀਤ ਸਭ ਨਾਲ ਪ੍ਰੀਤੀ ਵਾਲਾ ਚਾਲਾ ਹੀ ਵਰਤਣਾ ਓਸ ਦੀ ਰਾਜਨੀਤੀ ਹੁੰਦੀ ਹੈ। ਅਰੁ ਪਰਜਾ ਦੇ ਸੁਖੈਨ ਸੁਖ = ਜੋ ਸਤਸੰਗੀ ਜਗ੍ਯਾਸੀ ਵਾ ਗੁਰਮੁਖਤਾ ਦੇ ਢੁੰਡਾਊ ਸੰਗੀ ਅਥਵਾ ਵਿਦ੍ਯਾਰਥੀ ਆਦਿ ਸਮੀਪਤਾ ਦਾ ਸਮਾਗਮ ਪੌਣ, ਉਨ੍ਹਾਂ ਨੂੰ ਸੁਖੈਨ ਸੁਖ ਅਸਥਾਨੀ = ਸੁਖ ਦਾ ਬਾਸੀ ਬਨੌਣ ਵਿਚ ਹੀ ਸੁਖ ਅਨੰਦ ਨੂੰ ਮੰਨਦਾ ਹੋਯਾ ਇਸ ਪ੍ਰਕਾਰ ਉਹ ਸੰਪੂਰਣ ਮਨੋਰਥਾਂ ਦੇ ਪੂਰਣ ਹੋਣ ਵਾਲਾ ਤੇ ਸਾਰੇ ਹੀ ਕਾਰਜ ਰਾਸ ਹੋ ਚੁੱਕੇ ਹਨ ਜਿਸ ਦੇ ਇਸ ਪ੍ਰਕਾਰ ਦਾ ਸੱਚਾ ਮਹਾਰਾਜ ਬਣ ਜਾਇਆ ਕਰਦਾ ਹੈ ॥੪੬॥


Flag Counter