ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 265


ਕੋਟਨਿ ਕੋਟਾਨਿ ਛਬਿ ਰੂਪ ਰੰਗ ਸੋਭਾ ਨਿਧਿ ਕੋਟਨਿ ਕੋਟਾਨਿ ਕੋਟਿ ਜਗਮਗ ਜੋਤਿ ਕੈ ।

ਇਸ ਮਾਰਗ ਵਿਖੇ ਪ੍ਰਵਿਰਤ ਗੁਰਮੁਖਾਂ ਨੂੰ ਕ੍ਰੋੜਾਂ ਕੋਟੀਆਂ ਹੀ ਅਪਰੰਪਾਰ ਰੂਪ ਰੰਗ ਤਥਾ ਸ਼ੋਭਾ ਦੀ ਨਿਧਿ ਭੰਡਾਰ ਰੂਪ ਛਬੀ ਸੁੰਦਰਤਾ ਪ੍ਰਾਕ੍ਰਮੀ ਦਮਕ ਪ੍ਰਾਪਤ ਹੁੰਦੀ ਹੈ। ਅਤੇ ਬ੍ਯੰਤ ਪ੍ਰਕਾਰ ਦੀਆਂ ਜੋਤੀਆਂ ਕ੍ਰੋੜਾਂ ਅਨੰਤ ਪ੍ਰਕਾਰ ਦੇ ਚਮਤਕਾਰ ਕਰਿਆ ਕਰਦੀਆਂ ਹਨ। ਅਥਵਾ ਇਸ ਮਾਰਗ ਵਿਖੇ ਵਾਹਿਗੁਰੂ ਦੀ ਜੋਤ ਦਾ ਸਾਖ੍ਯਾਤਕਾਰ ਹੋਇਆ ਕਰਦਾ ਹੈ। ਜਿਸ ਦੇ ਰੂਪ ਰੰਗ ਅਗੇ ਰੰਗ ਅਗੇ ਕ੍ਰੋੜਾਂ ਪ੍ਰਕਾਰ ਦੀਆਂ ਹੀ ਕ੍ਰੋੜਾਂ ਛਬਾਂ ਮਾਤ ਪੈ ਜਾਂਦੀਆਂ ਹਨ ਅਤੇ ਕ੍ਰੋੜਾਂ ਤਰਾਂ ਦੇ ਕ੍ਰੋੜਾਂ ਹੀ ਸੋਭਾ ਦੇ ਭਡਾਰ ਪਦਾਰਥ ਫਿੱਕੇ ਹੋ ਜਾਂਦੇ ਹਨ। ਵਾ ਜੋਤੀ ਦੇ ਜਗਮਗ ਸਾਖ੍ਯਾਤ ਹੋ ਔਣ ਤੇ ਕ੍ਰੋੜਾਂ ਛਬਾਂ, ਕ੍ਰੋਡਾਂ ਹੀ ਰੰਗ ਤਥਾ ਸ਼ੋਭਾ ਰੂਪ ਨਿਧੀਆਂ ਪ੍ਰਾਪਤ ਹੋ ਗਈਆਂ ਸਮਝੋ ਪ੍ਰਾਪਤ ਹੋ ਜਾਂਦੀਆਂ ਹਨ।

ਕੋਟਨਿ ਕੋਟਾਨਿ ਰਾਜ ਭਾਗ ਪ੍ਰਭਤਾ ਪ੍ਰਤਾਪੁ ਕੋਟਨਿ ਕੋਟਾਨਿ ਸੁਖ ਅਨੰਦ ਉਦੋਤ ਕੈ ।

ਅਤੇ ਐਸਾ ਆਨੰਦ ਅਰੁ ਸੁਖ ਇਸ ਮਾਰਗ ਵਿਖੇ ਪ੍ਰਾਪਤ ਹੁੰਦਾ ਹੈ ਜਿਸ ਅਗੇ ਕ੍ਰੋੜਾਂ ਭਾਂਤ ਦੇ ਕ੍ਰੋੜਾਂ ਹੀ ਰਾਜ ਭਾਗ ਦੀ ਪ੍ਰਭੁਤਾ ਮਹਿਮਾ ਤੇ ਕ੍ਰੋੜਾਂ ਹੀ ਐਸੇ ਪ੍ਰਤਾਪ ਮਾਤ ਪਏ ਹੁੰਦੇ ਹਨ। ਅਥਵਾ ਕ੍ਰੋੜਾਂ ਕੋਟੀਆਂ ਰਾਜ ਭਾਗ ਸਬੰਧੀ ਪ੍ਰਭੁਤਾ ਵਾ ਪ੍ਰਤਾਪ ਹੋ ਔਂਦਾ ਹੈ, ਅਤੇ ਕ੍ਰੋੜਾਂ ਕੋਟੀਆਂ ਪਾਰਾ ਵਾਰੋਂ ਰਹਿਤ ਸੁਖ ਆਨੰਦ ਪਰਮ ਆਨੰਦ ਪ੍ਰਾਪਤ ਹੋਯਾ ਕਰਦਾ ਹੈ।

ਕੋਟਨਿ ਕੋਟਾਨਿ ਰਾਗ ਨਾਦਿ ਬਾਦ ਗਿਆਨ ਗੁਨ ਕੋਟਨਿ ਕੋਟਾਨਿ ਜੋਗ ਭੋਗ ਓਤ ਪੋਤਿ ਕੈ ।

ਕ੍ਰੋੜਾ ਹੀ ਕੋਟੀਆਂ ਅਨੰਤ ਪ੍ਰਕਾਰੀ ਰਾਗਾਂ ਦੀ ਨਾਦ ਦਾ ਗਿਆਨ ਸੂਝ ਅਰੁ ਬਾਜਿਆਂ ਦੀ ਤਾਰ ਸ੍ਰੋਦ ਵਾ ਲ੍ਯਾਕਤ ਅਨਹਦ ਧੁਨੀ ਦੇ ਰੂਪ ਵਿਚ ਵਾ ਭਾਈ ਮਰਦਾਨੇ ਆਦਿ ਵਰਗਿਆਂ ਨੂੰ ਪ੍ਰਤੱਖ ਸਰੂਪ ਵਿਖੇ ਇਸ ਮਾਰਗ ਅੰਦਰ ਪ੍ਰਾਪਤ ਹੋ ਜਾਇਆ ਕਰਦੀ ਹੈ, ਤਥਾ ਅਨੰਤ ਪ੍ਰਕਾਰ ਦੇ ਜੋਗ ਵਾਹਿਗੁਰੂ ਵਿਖੇ ਜੁੜਨ ਦੀਆਂ ਜੁਗਤੀਆਂ ਦੇ ਸਾਧਨ ਅਰੁ ਇਨਾਂ ਦੇ ਸਾਧਨੇ ਤਾਂ ਪ੍ਰਪਾਤ ਹੋਣ ਹਾਰੀਆਂ ਰਿਧੀਆਂ ਸਿਧੀਆਂ ਆਦਿ ਵਿਭੂਤੀਆਂ ਰੂਪ ਭੋਗ ਭੀ ਇਸ ਮਾਰਗ ਵਿਖੇ ਓਤਪੋਤ ਕੀਤੇ ਹੋਏ ਹਨ ਭਾਵ ਤਾਣੇ ਪੇਟੇ ਵਤ ਤਣੇ ਹੋਏ ਅਵਸ਼੍ਯ ਪ੍ਰਾਪਤ ਹੋਣ ਜੋਗ ਹਨ।

ਕੋਟਨਿ ਕੋਟਾਨਿ ਤਿਲ ਮਹਿਮਾ ਅਗਾਧਿ ਬੋਧਿ ਨਮੋ ਨਮੋ ਦ੍ਰਿਸਟਿ ਦਰਸ ਸਬਦ ਸ੍ਰੋਤ ਕੈ ।੨੬੫।

ਕ੍ਰੋੜਾਂ ਤੋਂ ਹੀ ਕ੍ਰੋੜਾਂ ਮਹਿਮਾ ਤਿਲ ਤੁਛ ਮਾਤ੍ਰ ਹਨ ਜਿਸ ਦੇ ਅਗਾਧ ਬੋਧ ਅਗੇ ਜੋ ਕੇਵਲ ਦ੍ਰਿਸ਼ਟੀ ਵਿਖੇ ਦਰਸ਼ਨ ਦੇ ਅਰੁ ਸ਼ਬਦ ਵਿਖੇ ਸੁਰਤ ਦੇ ਲੀਨ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ। ਤਿਸ ਦੇ ਤਾਈਂ ਬਾਰੰ ਬਾਰ ਨਮਸਕਾਰ ਹੈ ॥੨੬੫॥


Flag Counter