ਤਾਂ ਤੇ ਐਸੀ ਗੁਰ ਸਿੱਖ ਸੰਗਤ ਸਤਿ ਸੰਗਤੀ ਦੇ ਛਿਣ ਭਰ ਦੇ ਮਿਲਾਪ ਦਾ ਮਹੱਤ ਸ਼ਿਵਜੀ ਸਨਕਾਦਿਕ ਤਥਾ ਬ੍ਰਹਮਾ ਤੋਂ ਆਦਿ ਲੈ ਸਮੂਹ ਦੇਵਤਾ ਪ੍ਰਾਪਤ ਕਰਨਾ ਲੋਚਦੇ ਰਹਿੰਦੇ ਹਨ ਅਰਥਾਤ ਓਨ੍ਹਾਂ ਨੂੰ ਛਿਣ ਭਰ ਦੇ ਭੀ ਏਸ ਸਤਿਸੰਗ ਦੀ ਸਿੱਕ ਲਗੀ ਰਹਿੰਦੀ ਹੈ, ਕਿੰਤੂ ਪ੍ਰਾਪਤੀ ਨਹੀਂ ਹੁੰਦੀ ਕ੍ਯੋਂਕਿ ਇਹ ਮੌਜ, ਕਰਮ ਭੂਮੀ ਹੋਣ ਕਾਰਣ ਮਾਤਲੋਕ ਵਿਚ ਹੀ ਸਤਿਗੁਰੂ ਨੇ ਵਰਤਾਈ ਹੋਈ ਹੈ।
ਇਸੇ ਭਾਂਤ ਹੀ ਸਿੰਮ੍ਰਤੀਆਂ ੨੭, ਤੇ ਪੁਰਾਣ ੧੮, ਬੇਦ ੪, ਸ਼ਾਸਤ੍ਰ ਅਤੇ ਗੰਧਰਬ ਵਿਦ੍ਯਾ ਸਬੰਧੀ ਸੁਰ ਸਾਜ ਆਦਿ ਤਥਾ ਰਾਗ ਰਾਗਨੀਆਂ ਭੀ ਇਸ ਦੀ ਮਹਮਾ ਨੂੰ ਨਹੀਂ ਬਸ, ਨਹੀਂ ਬਸ ਅਨੰਤ, ਅਨੰਤ ਆਖ ਆਖ ਕੇ ਗਾਯਨ ਕਰਦੀਆਂ ਹਨ।
ਦੇਵੀਆਂ ਅਤੇ ਦੇਵਤਾ ਸ਼ਕਤੀਆਂ ਅਪਣੇ ਸ਼ਕਤੀ ਧਰ ਦੇਵਤਿਆਂ ਸਮੇਤ ਤਥਾ ਸਰਬ ਪ੍ਰਕਾਰ ਦੀਆਂ ਨਿਧੀਆਂ ਵਿਭੂਤੀਆਂ ਅਤੇ ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲ ਸੁਰਗ ਲੋਕ ਤੋਂ ਲੈ ਸਭ ਉਪਰਲੇ ਲੋਕਾਂ ਦੇ ਸਮੂਹ ਸੁਖ ਧਿਆਨ ਧਰ ਧਰ ਕੇ ਇਸੇ ਸਤਿਸੰਗ ਨੂੰ ਹੀ ਧਿਔਂਦੇ ਰਹਿੰਦੇ ਹਨ।
ਇਸ ਦਾ ਕਾਰਣ ਇਹ ਹੈ ਕਿ ਸਾਧ ਸੰਗਤਿ ਅੰਦਰ ਇਕਤ੍ਰ ਹੋ ਕੇ ਗੁਰੂ ਦੇ ਸਿੱਖ ਪੂਰਨ ਬ੍ਰਹਮ ਸਰੂਪ ਸਤਿਗੁਰਾਂ ਨੂੰ ਸਾਵਧਾਨ = ਸਾਖ੍ਯਾਤ ਹਾਜ਼ਰ ਨਾਜ਼ਰ ਜਾਣ ਕੇ ਓਨਾਂ ਦੇ ਉਪਦੇਸ਼ੇ ਹੋਏ ਸ਼ਬਦ ਵਿਖੇ ਸੁਰਤਿ ਦੀ ਲਿਵ ਲਗੌਂਦੇ ਹਨ ਮਾਨੋ ਸਾਧ ਸੰਗਤਿ ਅੰਦਰ ਸਤਿਗੁਰੂ ਦੇ ਰੂਪ ਵਿਖੇ ਪ੍ਰਗਟੀ ਨਿਰੰਕਾਰੀ ਜੋਤ ਦੀ ਹਾਜਰੀ ਵਿਚ, ਸੁਭਾਵਿਕ ਹੀ ਸਭ ਦੀ ਸੁਰਤਿ ਏਕਤਾ ਨੂੰ ਪ੍ਰਾਪਤ ਹੋ ਜਾਂਦੀ ਹੈ, ਜਿਸ ਕਰ ਕੇ ਸਮੂਹ ਲੋਕ ਬਾਸੀ ਐਸੀ ਲਾਲਸਾ ਕਰਦੇ ਹਨ; ਕਿ ਕਿਵੇਂ ਓਨ੍ਹਾਂ ਨੂੰ ਇਸ ਸਤਿਸੰਗ ਦਾ ਛਿਣ ਭਰ ਭੀ ਅਵਸਰ ਮਿਲੇ ਤਾਂ ਜੋ ਉਹ ਭੀ ਹਜੂਰੀ ਦੇ ਆਨੰਦ ਨੂੰ ਮਾਣ ਕੇ ਅਪਣੇ ਆਪ ਨੂੰ ਸਫਲ ਕਰ ਸਕਨ ॥੩੪੧॥