ਅਪਣਾ ਅਪਣਾ ਪੁਤ੍ਰ ਤਾਂ ਸਭ ਕਿਸੇ ਨੂੰ ਹੀ ਸੋਹਣਾ ਲਗਦਾ ਹੈ ਪਰ ਸਫਲੀ ਸੁੰਦਰਤਾ ਤਾਂ ਉਹ ਹੁੰਦੀ ਹੈ ਜਿਸ ਨੂੰ ਸੰਸਾਰ ਭਰ ਵਿਚ ਹੀ ਸਲਾਹਿਆ ਜਾਵੇ।
ਐਸਾ ਹੀ ਆਪਣਾ ਆਪਣਾ ਵਣਜ ਵਪਾਰ ਕਿਸੇ ਨੂੰ ਭੀ ਆਪਣੇ ਅੰਦਰ ਬੁਰਾ ਨਹੀਂ ਲਗਦਾ ਪਰ ਅਸਲ ਸੌਦਾ ਸੂਤ ਤਾਂ ਓਹੀਓ ਹੀ ਹੁੰਦਾ ਹੈ, ਜਿਸ ਨੂੰ ਸਾਰਾ ਜਗਤ ਹੀ ਭਲਾ ਆਖੇ।
ਅਪਣੇ ਅਪਣੇ ਕੁਲਾ ਧਰਮ ਸੰਬਧੀ ਕਰਮ ਤਾਂ ਸਭ ਕੋਈ ਹੀ ਕਰਦੇ ਹਨ, ਪਰ ਉਤਮ ਕਰਮ ਉਹ ਹੁੰਦਾ ਹੈ ਜਿਸ ਨੂੰ ਲੋਕ ਅਰ ਬੇਦ ਪ੍ਰਵਾਣ ਕਰਦੇ ਹੋਣ ਭਾਵ ਲੋਕ ਭੀ ਜਿਸ ਨੂੰ ਨਿੰਦਾ ਜੋਗ ਨਾ ਸਮਝਣ, ਤੇ ਬੇਦਾਂ ਸ਼ਾਸਤ੍ਰਾਂ ਵਿਚ ਭੀ ਜੋ ਨਾ ਨਿਖੇਧਿਆ ਹੋਇਆ ਹੋਵੇ।
ਇਸੀ ਪ੍ਰਕਾਰ ਸਭ ਕੋਈ ਹੀ ਇਹ ਗੱਲ ਆਖਦਾ ਹੈ ਕਿ ਗੁਰੂ ਬਿਨਾਂ ਗਤੀ ਮੁਕਤੀ ਨਹੀਂ ਪਰ ਗੁਰੂ ਅਸਲ ਵਿਚ ਓਹੋ ਹੀ ਕਰਨਾ ਧਾਰਣਾ ਚਾਹੀਦਾ ਹੈ, ਜਿਹੜਾ ਕਿ ਮਾਯਾ ਸੰਸਾਰੀ ਕਾਰ ਵਿਹਾਰਾਂ ਵਿੱਚ ਉਦਾਸ ਉਪ੍ਰਾਮ ਰਖੇ ॥੫੫੩॥