ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 579


ਸੁਤਨ ਕੇ ਪਿਤਾ ਅਰ ਭ੍ਰਾਤਨ ਕੇ ਭ੍ਰਾਤਾ ਭਏ ਭਾਮਨ ਭਤਾਰ ਹੇਤ ਜਨਨੀ ਕੇ ਬਾਰੇ ਹੈਂ ।

ਮੇਰੇ ਪ੍ਰੀਤਮ ਪੁਤ੍ਰਾਂ ਦੇ ਪਿਤਾ ਅਤੇ ਭਰਾਵਾਂ ਦੇ ਭਰਾ ਹਨ, ਇਸੀ ਤਰ੍ਹਾਂ ਆਪਣੀ ਇਸਤ੍ਰੀ ਦੇ ਪਿਆਰੇ ਪਤੀ ਅਤੇ ਮਾਤਾ ਦੇ ਲਾਡਲੇ ਬਾਲਕ ਹਨ।

ਬਾਲਕ ਕੈ ਬਾਲ ਬੁਧਿ ਤਰੁਨ ਸੈ ਤਰੁਨਾਈ ਬ੍ਰਿਧ ਸੈ ਬ੍ਰਿਧ ਬਿਵਸਥਾ ਬਿਸਥਾਰੇ ਹੈਂ ।

ਬਾਲਕਾਂ ਨਾਂਲ ਉਹ ਬਾਲ ਬੁਧਿ ਵਾਲੇ ਭਾਵ ਭੋਲੇ ਭਾਲੀ ਹੋ ਕੇ ਵਰਤਦੇ ਹਨ, ਜੁਆਨਾਂ ਨਾਲ ਉਹ ਜੁਆਨ ਉਮਰਾ ਵਾਲੇ ਹੋ ਕੇ ਵਰਤਦੇ ਹਨ, ਤੇ ਬ੍ਰਿਧਾਂ ਨਾਲ ਬ੍ਰਿਧ ਅਵਸਥਾ ਦਾ ਵਰਤਾਉ ਕਰਦੇ ਹਨ।

ਦ੍ਰਿਸਟ ਕੈ ਰੂਪ ਰੰਗ ਸੁਰਤ ਕੈ ਨਾਦ ਬਾਦ ਨਾਸਕਾ ਸੁਗੰਧਿ ਰਸ ਰਸਨਾ ਉਚਾਰੇ ਹੈਂ ।

ਨਜ਼ਰ ਵਿਚ ਰੂਪ ਰੰਗ ਹੋ ਕੇ ਕੰਨਾਂ ਵਿਚ ਨਾਦ ਤੇ ਵਾਜੇ ਦੀ ਆਵਾਜ਼ ਹੋ ਕੇ, ਨਾਸਕਾ ਲਈ ਸੁਗੰਧੀ ਹੋ ਕੇ ਰਸਨਾ ਉਤੇ ਸੁਆਦ ਅਰ ਉਚਾਰਣ ਰੂਪ ਹੋ ਕੇ ਵਿਆਪ ਰਹੇ ਹਨ।

ਘਟਿ ਅਵਘਟਿ ਨਟ ਵਟ ਅਦਭੁਤ ਗਤਿ ਪੂਰਨ ਸਕਲ ਭੂਤ ਸਭ ਹੀ ਤੈ ਨ੍ਯਾਰੇ ਹੈ ।੫੭੯।

ਸਰੀਰਾਂ ਵਿਚ ਜਾਂ ਸਰੀਰਾਂ ਤੋਂ ਬਾਹਰ ਭਾਵ ਅੰਦਰ ਬਾਹਰ ਉਹ ਨਟ ਦੀ ਗੋਲੀ ਤਰ੍ਰਾਂ ਅਚਰਜ ਗਤੀ ਰੱਖਦੇ ਹਨ, ਸਾਰੇ ਸਰੀਰ ਧਾਰੀਆਂ ਵਿਚ ਪੂਰਨ ਹਨ ਤੇ ਫਿਰ ਸਭ ਤੋਂ ਨਿਆਰੇ ਹਨ ॥੫੭੯॥