ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 331


ਸੁਖ ਦੁਖ ਹਾਨਿ ਮ੍ਰਿਤ ਪੂਰਬ ਲਿਖਤ ਲੇਖ ਜੰਤ੍ਰਨ ਕੈ ਨ ਬਸਿ ਕਛੁ ਜੰਤ੍ਰੀ ਜਗਦੀਸ ਹੈ ।

ਪੂਰਬ ਧੁਰ ਦੀ ਲਿਖੀ ਲਿਖਤ ਨੇਤ ਹੈ ਕਿ ਸੁਖ ਦੁਖ ਹਾਨਿ ਵਾ ਲਾਭ, ਮ੍ਰਿਤ ਮੌਤ ਵਾ ਜਨਮਨਾ, ਇਹ ਸਭ ਹਾਲਤਾਂ ਸ਼ਰੀਰ ਧਾਰੀਆਂ ਉਪਰ ਵਰਤਨ। ਇਸ ਲਈ ਏਨਾਂ ਖਾਤ੍ਰ ਜੰਤ੍ਰ ਵਾਜੇ ਵਾ ਮਸ਼ੀਨਾਂ ਸਮਾਨ ਸਮੂਹ ਸ਼ਰੀਰਧਾਰੀਆਂ ਦੇ ਅਧੀਨ ਕੁਛ ਭੀ ਨਹੀਂ, ਕ੍ਯੋਂਕਿ ਸਰੀਰ ਜੰਤ੍ਰਾਂ ਦਾ ਜੰਤ੍ਰੀ ਵਜੰਤ੍ਰੀ ਵਾ ਏਨਾਂ ਮਸ਼ੀਨਾਂ ਦਾ ਸੰਚਾਲਕ ਪੁਰਖ ਈਸ਼੍ਵਰ ਆਪ ਹੈ।

ਭੋਗਤ ਬਿਵਸਿ ਮੇਵ ਕਰਮ ਕਿਰਤ ਗਤਿ ਜਸਿ ਕਰ ਤਸਿ ਲੇਪ ਕਾਰਨ ਕੋ ਈਸ ਹੈ ।

ਇਸ ਕਾਰਣ ਜੈਸਾ ਦਾ ਤੈਸਾ ਜ੍ਯੋਂ ਕਾ ਤ੍ਯੋਂ ਕ੍ਰਮ ਸਿਲਸਿਲਾ = ਨਿਯਮ ਕ੍ਰਿਤ ਕੀਤਾ = ਥਾਪ੍ਯਾ ਜਾ ਚੁੱਕਾ ਹੈ, ਓਸ ਅਨੁਸਾਰ ਅਵਸ਼੍ਯ ਮੇਵ ਭੋਗਤ ਬ੍ਯ = ਅਵਸ਼੍ਯ ਕਰ ਕੇ ਹੀ ਭੋਗਨਾ ਪੈਂਦਾ ਹੈ ਅਰਥਾਤ ਸੁਖ ਦੁਖ ਆਦਿ ਭਾਵੇ ਵਿਚ ਔਂਦੇ ਹਨ, ਤੇ ਏਨਾਂ ਨਾਲ ਅਸਾਂ ਦੇਹ ਧਾਰੀਆਂ ਨੂੰ ਅਵਸ਼੍ਯ ਹੀ ਵਾਸਤਾ ਪੈਂਦਾ ਹੈ, ਅਤੇ ਅਸੀਂ ਇਨਾਂ ਵਿਚ ਸਲੱਤ ਦੀ ਭੌਣੀ ਧਾਰ ਲਿਪਾਯਮਾਨ ਬਣ ਬੈਠਦੇ ਹਾਂ। ਪਰ ਨੇਤ ਭਾਣੇ ਦੇ ਮਾਲਿਕ ਈਸ਼੍ਵਰ ਨੂੰ ਅਪਣੀ ਕਾਰ ਦਾ ਕੋਈ ਲੇਪ ਸੰਗ ਨਹੀਂ ਲਗਦਾ ਹੈ।

ਕਰਤਾ ਪ੍ਰਧਾਨ ਕਿਧੌ ਕਰਮ ਕਿਧੌ ਹੈ ਜੀਉ ਘਾਟਿ ਬਾਢਿ ਕਉਨ ਕਉਨ ਮਤੁ ਬਿਸ੍ਵਾਬੀਸ ਹੈ ।

ਇਸ ਦਸ਼ਾ ਵਿਚ ਉਕਤ ਸੁਖ ਦੁਖ ਆਦਿ ਦੀ ਕਰਤਾ, ਪ੍ਰਧਾਨ ਪ੍ਰਕ੍ਰਿਤੀ ਮਾਯਾ ਹੈ, ਅਥਵਾ ਕਰਮ ਹਨ, ਜਾਂ ਕਿ ਜੀਵ ਹੈ, ਏਨਾਂ ਕਲਪਨਾਂ ਵਿਚੋਂ ਕੌਨ ਮਤਿ ਨਿਸਚਾ ਵਧੀਆ ਤੇ ਕੌਨ ਘਟੀਆ ਹੈ, ਅਤੇ ਕੌਨ ਨਿਸਚਾ ਵੀਹ ਵਿਸ੍ਵੇ ਯਥਾਰਥ ਹੈ ਅਰਥਾਤ ਘੱਟ ਵੱਧ ਨਹੀਂ ਇਕ ਸਾਰ ਤੁਲਵਾਂ ਹੈ? ਐਸਾ ਕੀਹ ਆਖੀਏ, ਇਨਾਂ ਗੱਲਾਂ ਬਾਬਤ ਤਾਂ ਸੋਚਨਾ ਹੀ ਬ੍ਯਰਥ ਹੈ।

ਅਸਤੁਤਿ ਨਿੰਦਾ ਕਹਾ ਬਿਆਪਤ ਹਰਖ ਸੋਗ ਹੋਨਹਾਰ ਕਹੌ ਕਹਾਂ ਗਾਰਿ ਅਉ ਅਸੀਸ ਹੈ ।੩੩੧।

ਕੀਹ ਉਸਤਤੀ ਤੇ ਨਿੰਦਿਆ, ਤੇ ਕੀਹ ਹਰਖ ਸੋਗ ਦਾ ਸੁਖ ਦੁਖ ਰੂਪ ਹੋ ਕੇ ਬਿਆਪਨਾ ਅਤੇ ਕੀਹ ਗਾਲੀ ਅਰੁ ਅਸੀਸ ਬਾਬਤ ਆਖਾਂ, ਇਹ ਸਭ ਲੋਕਾਂ ਦੀਆਂ ਆਪੋ ਆਪਣੀਆਂ ਭਾਵਨਾਂ ਅਉ ਅਨੁਸਾਰ ਹੀ ਸਭ ਠਾਠ ਭੁਗਤ ਰਿਹਾ ਹੈ ਤੇ ਅੰਤਰਯਾਮੀ ਦੀ ਨੇਤ ਮੂਜਬ ਐਸਿਆਂ ਰੂਪਾਂ ਵਿਖੇ ਸੁਖ ਦੁਖ ਆਦਿ ਦੇ ਭੁਗਤਾਨ ਨਿਮਿਤੱਕ ਇਹ ਵ੍ਯੋਂਤ ਸਭ ਹੋਨਹਾਰ ਵਾਹਗੁਰੂ ਨੇਤ, ਰਜ਼ਾ ਜਾਂ ਭਾਣਾ ਹੈ ਹੋਰ ਕੁਛ ਨਹੀਂ ॥੩੩੧॥


Flag Counter