ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 100


ਨਹੀਂ ਦਦਸਾਰ ਪਿਤ ਪਿਤਾਮਾ ਪਰਪਿਤਾਮਾ ਸੁਜਨ ਕੁਟੰਬ ਸੁਤ ਬਾਧਵ ਨ ਭ੍ਰਾਤਾ ਹੈ ।

ਨਹੀਂ ਹੈ ਦਦਸਾਰ ਦਾਦਕੇ ਘਰ ਵਿਖੇ ਕੋਈ ਐਸਾ ਨਾਤਾ ਸਰਬੰਧ ਚਾਹੇ ਉਹ ਪਿਤਾ ਹੋਵੇ, ਚਾਹੇ ਪਿਤਾਮਾ ਬਾਬਾ ਦਾਦਾ ਯਾ ਪਰਪਿਤਾਮਾ ਪੜਬਾਬਾ ਪੜਦਾਦਾ ਅਤੇ ਨਾ ਹੀ ਹੈ ਐਸਾ ਕੋਈ ਸੱਜਨ ਕੁਟੰਬ ਇਸ ਕੋੜਮੇ ਵਿਚ ਪੁਤ੍ਰ ਬਾਂਧਵ ਸਾਕ ਸਰਬੰਧੀ ਯਾ ਭਰਾ ਆਦਿ।

ਨਹੀ ਨਨਸਾਰ ਮਾਤਾ ਪਰਮਾਤਾ ਬਿਰਧਿ ਪਰਮਾਤਾ ਮਾਮੂ ਮਾਮੀ ਮਾਸੀ ਔ ਮੌਸਾ ਬਿਬਿਧ ਬਿਖਾਤਾ ਹੈ ।

ਇਵੇਂ ਹੀ, ਨਹੀਂ ਹੈ ਨਨਸਾਰ ਨਾਨਕੇ ਘਰ ਵਿਖੇ ਐਸਾ ਕੋਈ ਨਾਤਾ ਸਾਕ ਚਾਹੇ ਉਹ ਮਾਤਾ ਹੋਵੇ, ਚਾਹੇ ਪਰਮਾਤਾ ਨਾਨੀ ਯਾ ਬਿਰਧ ਪ੍ਰਮਾਤਾ ਪੜਨਾਨੀ ਅਥਵਾ ਮਾਮੂ ਮਾਮਾ, ਮਾਸੀ, ਅਰ ਮੌਸਾ ਮਾਸੜ ਜੋ ਬਿਬਿਧ ਬਹਤੁ ਕਰ ਕੇ ਨਾਨਕੇ ਘਰ ਵਿਚ ਬਿਖ੍ਯਾਤਾ ਪ੍ਰਸਿੱਧ ਸਕਾ ਮੰਨੇ ਜਾਂਦੇ ਹਨ।

ਨਹੀ ਸਸੁਰਾਰ ਸਾਸੁ ਸੁਸਰਾ ਸਾਰੋ ਅਉਸਾਰੀ ਨਹੀ ਬਿਰਤੀਸੁਰ ਮੈ ਜਾਚਿਕ ਨ ਦਾਤਾ ਹੈ ।

ਇਸੇ ਪ੍ਰਕਾਰ ਨਹੀਂ ਹੈ ਸਸੁਰਾਰ ਸੌਹਰੇ ਘਰ ਵਿਖੇ ਹੀ ਕੋਈ ਐਸਾ ਨਾਤਾ ਸਰਬੰਧ ਚਾਹੇ ਉਹ ਸਾਸ ਸੱਸ ਹੋਵੇ, ਚਾਹੇ ਸੌਹਰਾ ਸਾਰੋ ਸਾਲਾ ਅਉ ਅਥਵਾ ਸਾਰੀ ਸਾਲੀ ਅਰੁ ਨਹੀਂ ਹੈ ਫੇਰ ਕੋਈ ਐਸਾ ਭੀ ਹਿਤੈਸ਼ੀ ਹਿਤ ਚਾਹੁਨ ਹਾਰਾ ਚਾਹੇ ਉਹ ਬਿਰਤੀਸੁਰ ਮੈ ਪਾਂਧਾ ਪ੍ਰੋਹਿਤ ਕੁਲ ਗੁਰੂ ਸਰੂਪ ਹੋਵੇ, ਜਾਚਿਕ ਮੰਗਤਾ ਧਰਮ ਦਾ ਦਾਨ ਲੈ ਕੇ ਕਮਾਈ ਸਫਲਾਨ ਦੀਆਂ ਡੀਂਗਾਂ ਮਾਰਣ ਵਾਲਾ, ਅਥਵਾ ਨਹੀ ਹੈ ਐਸਾ ਕੋਈ ਦਾਤਾ ਜਜਮਾਨ ਹੀ।

ਅਸਨ ਬਸਨ ਧਨ ਧਾਮ ਕਾਹੂ ਮੈ ਨ ਦੇਖਿਓ ਜੈਸਾ ਗੁਰਸਿਖ ਸਾਧਸੰਗਤ ਕੋ ਨਾਤਾ ਹੈ ।੧੦੦।

ਇਸੀ ਪ੍ਰਕਾਰ ਅਸਨ ਖਾਨ ਪਾਨ ਆਦਿ ਦੇ ਪਦਾਰਥ, ਬਸਨ ਪਹਿਨਣ ਜੋਗ ਬਸਤ੍ਰ ਪਟੰਬਰ ਪਸ਼ਮੰਬਰ ਆਦਿ ਤਥਾ ਧਨ ਦੌਲਤ ਧਾਮ ਘਰ ਘਾਟ ਆਦਿ ਭੀ ਜੋ ਹਨ ਓਨਾਂ ਵਿਚੋਂ ਭੀ ਕਿਸੇ ਵਿਖੇ ਨਹੀਂ ਹੈ ਦੇਖ੍ਯਾ ਕੋਈ ਭੀ ਸਾਥ ਨਿਭਨ ਵਾਲਾ ਨਾਤਾ ਜਿਹਾ ਕਿ ਨਿਸਚੇ ਹੋ ਚੁੱਕਾ ਹੈ, ਕਿ ਗੁਰੂ ਸਿਖ, ਅਰੁ ਸਤਿਗੁਰਾਂ ਦੇ ਸਿੱਖਾਂ ਦੀ ਸਾਧ ਸੰਗਤਿ ਦਾ ਨਾਤਾ ਸਾਥ ਨਿਭਨ ਵਾਲਾ ਸੱਚਾ ਸਾਕ ॥੧੦੦॥


Flag Counter