ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 450


ਐਸੀ ਨਾਇਕਾ ਮੈ ਕੁਆਰ ਪਾਤ੍ਰ ਹੀ ਸੁਪਾਤ੍ਰ ਭਲੀ ਆਸ ਪਿਆਸੀ ਮਾਤਾ ਪਿਤਾ ਏਕੈ ਕਾਹ ਦੇਤ ਹੈ ।

ਐਹੋ ਜੇਹੀ ਇਸਤ੍ਰੀ ਨਾਲੋਂ ਕੁਆਰ ਪਾਤ੍ਰ ਕੁਆਰਪਣੇ ਵਾਲੀ ਕੁਆਰੀ ਕੰਨ੍ਯਾ ਹੀ ਸੁਪਾਤ੍ਰ ਸ੍ਰੇਸ਼ਟ ਅਧਿਕਾਰਨ ਵਾ ਭਲੀ ਹੈ; ਜਿਹੜੀ ਕਿ ਇਸ ਉਮੇਦ ਦੀ ਪਿਆਸੀ ਲੋਚਾਵੰਦ ਰਹਿੰਦੀ ਹੈ ਕਿ ਓਹਦੇ ਮਾਪੇ ਓਸ ਨੂੰ ਕਿਸੇ ਇੱਕ ਤਾਈਂ ਦੇਣ ਅਰਪਣ ਕਰਨਗੇ।

ਐਸੀ ਨਾਇਕਾ ਮੈ ਦੀਨਤਾ ਕੈ ਦੁਹਾਗਨ ਭਲੀ ਪਤਿਤ ਪਾਵਨ ਪ੍ਰਿਅ ਪਾਇ ਲਾਇ ਲੇਤ ਹੈ ।

ਐਹੋ ਜੇਹੀ ਇਸਤ੍ਰੀ ਨਾਲੋਂ ਅਧੀਨਗੀ ਧਾਰ ਕੇ ਬਖ਼ਸ਼ਾ ਲੈਣ ਵਾਲੀ ਦੁਹਾਗਣ (ਵਿਭਚਾਰਨ) ਹੀ ਚੰਗੀ ਹੈ, ਜਿਸ ਭ੍ਰਸ਼ਟ ਅਚਾਰਨ ਨੂੰ 'ਪਾਵਨ' (ਤੌਬਾ ਕਾਰਨ) ਪਵਿਤ੍ਰ ਹੋ ਗਈ ਪ੍ਰਾਨ ਕੇ ਪਤੀ ਆਪਣੇ ਚਰਨੀ ਲਾ ਲੈਂਦਾ ਹੈ।

ਐਸੀ ਨਾਇਕਾ ਮੈ ਭਲੋ ਬਿਰਹ ਬਿਓਗ ਸੋਗ ਲਗਨ ਸਗਨ ਸੋਧੇ ਸਰਧਾ ਸਹੇਤ ਹੈ ।

ਐਹੋ ਜੇਹੀ ਇਸਤ੍ਰੀ ਨਾਲੋਂ ਵਿਛੋੜੇ ਵਿਜੋਗ ਦਾ ਸੋਗ ਚੰਗਾ ਹੈ, ਜਿਸ ਸੋਗ ਬਿਖੇ ਵਿਜੋਗਣ ਸ਼ਰਧਾ ਅਰ ਪ੍ਰੇਮ ਨਾਲ ਪਿਆਰੇ ਪਤੀ ਦੇ ਮਿਲਾਪ ਖਾਤ੍ਰ ਲਗਨ ਸਗਨ ਦੀ ਸੋਧ ਕਰਦੀ ਰਹੇ ਭਾਵ ਔਂਸੀਆਂ ਆਦਿ ਪਾ ਕਾਂ ਉਡਾ ਉਡਾ ਕੇ ਜੋ ਵਾਂਢੇ ਗਏ ਪਤੀ ਨੂੰ ਉਡੀਕ ਉਡੀਕ ਕੇ ਸਮਾਂ ਟਪਾ ਰਹੀ ਹੋਵੇ।

ਐਸੀ ਨਾਇਕਾ ਮਾਤ ਗਰਭ ਹੀ ਗਲੀ ਭਲੀ ਕਪਟ ਸਨੇਹ ਦੁਬਿਧਾ ਜਿਉ ਰਾਹੁ ਕੇਤੁ ਹੈ ।੪੫੦।

ਐਹੋ ਜਿਹੀ ਨਿਜ ਹੋਣੀ ਇਸਤ੍ਰੀ ਤਾਂ ਮਾਂ ਦੇ ਪੇਟ ਵਿਚ ਗਲ ਗਈ ਹੀ ਭਲੀ ਸੀ ਜਿਹੜੀ ਕਿ ਉੱਪਰੋਂ ਦੇਵਤਾ ਅੰਦਰੋਂ ਦੈਂਤ ਰਾਹੂ ਕੇਤੂ ਦੀ ਤਰ੍ਹਾਂ ਕਪਟ ਦਾ ਪਿਆਰ ਧਾਰ ਕੇ ਦੁਬਿਧਾ ਭਰਿਆ ਕਪਟ ਦਾ ਪਿਆਰ ਕਰਦੀ ਹੋਵੇ। ਤਾਤਪ੍ਰਯ ਕਿਹੀ ਕੇ ਦੁਬਾਜਰੇ ਦੁਫਸਲੇ ਕਪਟ ਸਨੇਹੀ ਉੱਪਰੋਂ ਗੁਰੂ ਕੇ ਹੋਣ ਤੇ ਅੰਦਰ ਹੋਰ ਦੇਵੀਆਂ ਦੇਵਤਿਆਂ ਨੂੰ ਭੀ ਲੋਚਦੇ ਹੋਣ, ਐਸੇ ਮਨੁੱਖ ਤਾਂ ਸੰਸਾਰ ਤੇ ਨਿਜ ਹੀ ਹੋਣ ॥੪੫੦॥