ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 572


ਅਗਨਿ ਜਰਤ ਜਲ ਬੂਡਤ ਸਰਪ ਗ੍ਰਸਹਿ ਸਸਤ੍ਰ ਅਨੇਕ ਰੋਮ ਰੋਮ ਕਰਿ ਘਾਤ ਹੈ ।

ਅੱਗ ਸਾੜੇ, ਪਾਣੀ ਡੋਬੇ, ਸੱਪ ਡੰਗੇ, ਅਨੇਕਾਂ ਸ਼ਸਤ੍ਰ ਘਾਤ ਕਰਨ, ਇਨਾਂ ਤੋਂ ਜੋ ਰੋਮ ਰੋਮ ਵਿਚ ਪੀੜਾ ਹੋਵੇ।

ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤਿ ਗ੍ਰੀਖਮ ਔ ਸੀਤ ਬਰਖ ਮਾਹਿ ਨਿਸ ਪ੍ਰਾਤ ਹੈ ।

ਦੀਨ ਦੁਖੀ ਦੀ ਐਸੀ ਹਾਲਤ ਹੋਵੇ ਕਿ ਅਨੇਕਾਂ ਬਿਪਤਾ ਦੇ ਅਧੀਨ ਹੋਣ ਦੀ ਪੀੜਾ ਹੋਵੇ, ਅਥਵਾ ਗਰਮੀ ਜਾਂ ਪਾਲੇ ਵਿਚ ਜਾਂ ਵਸਦੀ ਵਰਖਾ ਵਿਚ ਦਿਨੇ ਰਾਤ ਬੈਠਣਾ ਪਵੇ।

ਗੋ ਦ੍ਵਿਜ ਬਧੂ ਬਿਸ੍ਵਾਸ ਬੰਸ ਕੋਟਿ ਹਤਯਾ ਤ੍ਰਿਸਨਾ ਅਨੇਕ ਦੁਖ ਦੋਖ ਬਸ ਗਾਤ ਹੈ ।

ਗਊ ਹਤਿਆ, ਬ੍ਰਾਹਮਣ ਹੱਤਿਆ ਇਸਤਰੀ ਹੱਤਿਆ, ਵਿਸ਼ਵਾਸ ਘਾਤ, ਕੁਲ ਹੱਤਿਆ ਆਦਿ ਕ੍ਰੋੜਾਂ ਹੀ ਹੱਤਿਆ ਦੀ ਪੀੜਾ ਹੋਵ, ਅਥਵਾ ਤ੍ਰਿਸ਼ਨਾ ਦੇਕਾਰਣ ਦੋਖ ਕਮਾਵੇ ਤੇ ਦੋਖਾਂ ਦੇਕਾਰਣ ਅਨਾਂ ਦੁਖਾਂ ਦੇ ਵੱਸ ਵਿਚ ਸਰੀਰ ਪਿਆ ਹੋਵੇ।

ਅਨਿਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ ਪੀਯ ਕੇ ਬਿਛੋਹ ਪਲ ਏਕ ਨ ਪੁਜਾਤ ਹੈ ।੫੭੨।

ਸਾਰੇ ਸੰਸਾਰ ਦੀਆਂ ਅਨਿਕ ਪ੍ਰਕਾਰ ਦੀਆਂ ਉਪ੍ਰੋਕਤ ਪੀੜਾਂ ਦਾ ਜੋੜ ਸਮੂਹ ਮੈਂ ਸੋਧ ਕੇ ਡਿੱਠਾ ਹੈ ਕਿ ਪਿਆਰੇ ਦੇ ਵਿਛੋੜੇ ਦੀ ਪੀੜਾ ਦੇ ਇਕ ਪਲ ਨੂੰ ਨਹੀਂ ਪੁਜਦਾ ॥੫੭੨॥


Flag Counter