ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 537


ਜੈਸੇ ਜਲ ਧੋਏ ਬਿਨੁ ਅੰਬਰ ਮਲੀਨ ਹੋਤ ਬਿਨੁ ਤੇਲ ਮੇਲੇ ਜੈਸੇ ਕੇਸ ਹੂੰ ਭਇਆਨ ਹੈ ।

ਜਿਸ ਤਰ੍ਹਾਂ ਜਲ ਨਾਲ ਧੋਤੇ ਬਿਨਾ ਬਸਤ੍ਰ ਮੈਲਾ ਰਹਿੰਦਾ ਹੈ, ਤਿਸੇ ਪ੍ਰਕਾਰ ਤੇਲ ਲਾਏ ਬਿਨਾਂ ਕੇਸ ਡਰੌਣੇ ਬਿਖਰੇ ਜੈਸੇ ਹੁੰਦੇ ਹਨ।

ਜੈਸੇ ਬਿਨੁ ਮਾਂਜੇ ਦਰਪਨ ਜੋਤਿ ਹੀਨ ਹੋਤ ਬਰਖਾ ਬਿਹੂੰਨ ਜੈਸੇ ਖੇਤ ਮੈ ਨ ਧਾਨ ਹੈ ।

ਜਿਸ ਤਰ੍ਹਾਂ ਸ਼ੀਸ਼ਾ ਮਾਂਜਿਆਂ ਬਿਨਾਂ ਉਜਲਤਾ ਰਹਿਤ ਹੁੰਦਾ ਹੈ ਤੇ ਮੀਂਹ ਬਿਨਾਂ ਜੀਕੂੰ ਖੇਤ ਵਿਚ ਧਾਨ ਅੰਨ ਨਹੀਂ ਹੋਇਆ ਉਪਜਿਆ ਕਰਦਾ।

ਜੈਸੇ ਬਿਨੁ ਦੀਪਕੁ ਭਵਨ ਅੰਧਕਾਰ ਹੋਤ ਲੋਨੇ ਘ੍ਰਿਤਿ ਬਿਨੁ ਜੈਸੇ ਭੋਜਨ ਸਮਾਨ ਹੈ ।

ਜਿਸ ਤਰ੍ਹਾਂ ਦੀਵੇ ਬਿਨਾਂ ਘਰ ਅੰਦਰ ਹਨ੍ਹੇਰਾ ਹੁੰਦਾ ਹੈ ਜਿਸ ਤਰ੍ਹਾਂ ਲੂਣ ਘਿਓ ਬਿਨਾਂ ਭੋਜਨ ਸਮਾਨ ਸਧਾਰਣ ਜਿਹਾ ਹੁੰਦਾ ਹੈ।

ਤੈਸੇ ਬਿਨੁ ਸਾਧਸੰਗਤਿ ਜਨਮ ਮਰਨ ਦੁਖ ਮਿਟਤ ਨ ਭੈ ਭਰਮ ਬਿਨੁ ਗੁਰ ਗਿਆਨ ਹੈ ।੫੩੭।

ਤਿਸੇ ਭਾਂਤ ਸਾਧ ਸੰਗਤ ਬਿਨਾਂ ਜਨਮ ਮਰਣ ਦਾ ਦੁਖ ਨਹੀਂ ਮਿਟਦਾ ਤੇ ਬਿਨਾਂ ਗੁਰੂ ਗ੍ਯਾਨ ਪ੍ਰਾਪਤ ਹੋਇਆਂ ਦੇ ਭ੍ਰਮ ਕੂੜ ਨੂੰ ਸੱਚ ਮੰਨਣ ਦਾ ਭੁਲੇਖਾ ਅਤੇ ਭੈ ਲੋਕ ਪ੍ਰਲੋਕ ਸਬੰਧੀ ਡਰ ਨਹੀਂ ਮਿਟਿਆ ਕਰਦਾ ॥੫੩੭॥