ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 485


ਜਾ ਕੋ ਨਾਮੁ ਹੈ ਅਜੋਨੀ ਕੈਸੇ ਕੈ ਜਨਮੁ ਲੈ ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ ।

ਜਿਸ ਦਾ ਨਾਮ ਹੈ ਅਜੋਨੀ ਜੂਨ ਰਹਿਤ ਕਿਸ ਤਰ੍ਹਾਂ ਨਾਸ ਆਪਣੇ ਪਦ ਤੋਂ ਡਿਗ ਕੇ ਓਸ ਨੇ ਜਨਮ ਲਿਆ ਤੇ ਉਸ ਨੂੰ ਐਉਂ ਜਾਨ ਕੇ ਕਿਸ ਤਰਾਂ ਜਨਮ ਅਸ਼੍ਟਮੀ ਨੂੰ ਵਰਤ ਦਿਹਾੜਾ ਬਣਾ ਲਿਆ ਹੈ।

ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ ।

ਫੇਰ ਜਿਸ ਅਕਾਲ ਕਾਲ ਦੀ ਗੰਮਤਾ ਤੋਂ ਪਾਰ ਅਬਿਨਾਸ਼ੀ, ਸਤ੍ਯ ਸਰੂਪ ਦਾ ਨਾਮ ਜਗ ਜੀਵਨ ਜਗਤ ਭਰ ਦੀ ਜਿੰਦ ਜਾਨ ਆਖ੍ਯਾ ਜਾਂਦਾ ਹੈ ਕਿਸ ਤਰ੍ਹਾਂ ਓਸ ਨੂੰ ਬਧਿਕ ਸ਼ਿਕਾਰੀ ਨੇ ਬਾਣ ਮਾਰ ਕੇ ਅਪਜੱਸ ਲਿਆ, ਵਾ ਓਸ ਨੇ ਆਪ ਸ਼ਿਕਾਰੀਆਂ ਵਾਕੂੰ ਬਾਲੀ ਨੂੰ ਤ੍ਰੇਤੇ ਜੁਗ ਵਿਖੇ ਮਾਰ ਕੇ ਅਪਜੱਸ ਖੱਟਿਆ?

ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ ।

ਜਿਸ ਦੇ ਨਾਮ ਸ਼ੁੱਧ ਨਿਰਵਿਕਾਰ ਨਿਤ੍ਯ ਮੁਕਤ ਰੂਪ ਆਦਿ ਨਾਮਾਂ ਨਾਲ ਉਚਾਰੇ ਜਾਂਦੇ ਹਨ, ਗੋਪੀਆਂ ਗੋਪਾਂ ਦੀਆਂ ਇਸਤ੍ਰੀਆਂ ਪਰ ਨਾਰਾਂ ਦਾ ਨਾਥ ਸ੍ਵਾਮੀ ਬਣ ਕੇ ਕਿਸ ਤਰ੍ਹਾਂ ਓਸ ਨੇ ਓਨ੍ਹਾਂ ਨੂੰ ਵਿਛੋੜੇ ਦਾ ਦੁੱਖ ਦਿੱਤਾ?

ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ ਅੰਤਰਿ ਅਗਿਆਨ ਮਤ ਗਿਆਨ ਗੁਰ ਹੀਨੋ ਹੈ ।੪੮੫।

ਪਹਿਲੋਂ ਤਾਂ ਓਸ ਅਜੋਨੀ ਅਕਾਲ ਅਬਿਨਾਸ਼ੀ ਸ਼ੁੱਧ ਸਰੂਪ ਨਿਰਵਿਕਾਰ ਨਿਤ੍ਯ ਮੁਕਤ ਦੀ ਐਥੋਂ ਤਕ ਦਸ਼ਾ ਡੇਗੀ ਹੈ ਤੇ ਫੇਰ ਪਥਰ ਆਦਿ ਦੀਆਂ ਮੂਰਤਾਂ ਓਸ ਦੀਆਂ ਕਲਪ ਕਲਪ ਕੇ ਇਸ ਤਰ੍ਹਾਂ ਅੰਧ ਜੜ੍ਹ ਰੂਪ ਬੁੱਤਾਂ ਦੇ ਪੂਜਾਰੀ ਪੂਜਨਹਾਰੇ ਸੇਵਕ ਭਗਤ ਬਣ ਬੈਠੇ ਹਨ। ਅਸਲ ਵਿਚ ਐਸੇ ਲੋਕਾਂ ਦੀ ਮਤਿ ਅਕਲ ਅੰਦਰ ਅਗ੍ਯਾਨ ਨੇ ਅੰਤਰਜਾ ਬਰਲ ਪਾੜਾ ਪਾ ਰਖਿਆ ਹੌਯਾ ਹੈ, ਤੇ ਇਸੇ ਕਰ ਕੇ ਹੀ ਉਹ ਗੁਰੂ ਗ੍ਯਾਨ ਤੋਂ ਹੀਣੇ ਰਹਿ ਰਹੇ ਹਨ, ਭਾਵ ਆਨ ਦੇਵ ਸੇਵਾ ਤ੍ਯਾਗ ਕੇ ਸ਼ੀਘਰ ਸਤਿਗੁਰੂ ਦੀ ਚਰਣ ਸ਼ਰਣ ਨਹੀਂ ਔਂਦੇ ॥੪੮੫॥


Flag Counter