ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 96


ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੋਇ ਪਰਮਦਭੁਤ ਗਤਿ ਆਤਮ ਤਰੰਗ ਹੈ ।

ਅੰਮ੍ਰਿਤ ਨਿਧਾਨ ਅੰਮ੍ਰਿਤ ਭੰਡਾਰ ਰੂਪ ਪ੍ਰੇਮ ਰਸ ਪਾਨ ਕਰ ਕੇ ਛਕ ਕੇ ਪੂਰਨ ਤ੍ਰਿਪਤ ਹੋ ਗਏ ਹਨ ਜਿਹੜੇ ਗੁਰਮੁਖ ਪਰਮਅਦਭੁਤ ਅਤ੍ਯੰਤ ਅਲੌਕਿਕ ਜਿਹੜੀ ਕਿ ਸ੍ਰਿਸ਼ਟੀ ਅੰਦਰ ਕਦੀ ਦੇਖਣ ਸੁਣਨ ਵਿਚ ਨਹੀਂ ਆ ਸਕਦੀ, ਉਸ ਦਸ਼ਾ ਗਤੀ ਵਾਲੀ ਆਤਮ ਤਰੰਗ ਆਤਮਾ ਦੀ ਮੌਜ ਵਰਤ ਪਿਆ ਕਰਦੀ ਹੈ।

ਇਤ ਤੇ ਦ੍ਰਿਸਟਿ ਸੁਰਤਿ ਸਬਦ ਬਿਸਰਜਤ ਉਤ ਤੇ ਬਿਸਮ ਅਸਚਰਜ ਪ੍ਰਸੰਗ ਹੈ ।

ਜਿਸ ਨੂੰ ਐਉਂ ਦੱਸਿਆ ਜਾ ਸਕਦਾ ਹੈ; ਕਿ ਇਤ ਤੇ ਦ੍ਰਿਸਟਿ ਇਸ ਦਿਖਾਈ ਦੇ ਰਹੀ ਦ੍ਰਿਸ਼੍ਯ ਰੂਪ ਮੂਰਤੀਮਾਨ ਸ੍ਰਿਸ਼ਟੀ ਵੱਲੋਂ ਦ੍ਰਿਸ਼ਟੀ ਨਿਗ੍ਹਾ ਨੇਤ੍ਰ ਸਬਦ ਸ਼ਬਦ ਮਈ ਜੋ ਕੁਛ ਕਹਿਣ ਅਥਵਾ ਸੁਨਣ ਵਿਚ ਆ ਸਕਨ ਵਾਲੇ ਪਦਾਰਥ ਨਾਮ ਸਰੂਪੀ ਸੂਖਮ ਪ੍ਰਪੰਚ ਵੰਲੋਂ ਸੁਰਤਿ ਕੰਨ ਬਿਸਰਜਤ ਵਿਦੈਗੀ ਧਾਰ ਜਾਂਦੇ ਹਨ ਭਾਵ ਨਾਮ ਰੂਪ ਸਰੂਪੀ ਜਗਤ ਵੱਲ ਦ੍ਰਿਸ਼੍ਟੀ ਅਰੁ ਸ੍ਰੋਤਰ ਆਦਿ ਸਮੂਹ ਇੰਦ੍ਰੀਆਂ ਭਟਕਣੋਂ ਨਿਵਿਰਤ ਹੋ ਕੇ, ਅੰਤਰ ਆਤਮੇਂ ਵਿਖੇ ਹੀ ਲੀਨ ਹੋ ਜਾਂਦੀਆਂ ਹਨ। ਅਤੇ ਉਤ ਤੇ ਉਸ ਪਾਸੇ ਵੱਲੋਂ ਪਰਮਾਤਮਾ ਦੀ ਓਰ ਤੇ ਬਿਸਮ ਅਸਚਰਜ ਅਸਚਰਜਤਾਈ ਨੂੰ ਭੀ ਅਚਰਜ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਪ੍ਰਸੰਗ ਵਰਤਾਰਾ, ਆਣ ਵਰਤਿਆ ਕਰਦਾ ਹੈ।

ਦੇਖੈ ਸੁ ਦਿਖਾਵੈ ਕੈਸੇ ਸੁਨੈ ਸੁ ਸੁਨਾਵੈ ਕੈਸੇ ਚਾਖੇ ਸੋ ਬਤਾਵੇ ਕੈਸੇ ਰਾਗ ਰਸ ਰੰਗ ਹੈ ।

ਭਾਵ ਪਰਮਾਤਮਾ ਆਤਮੇ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ। ਇਸ ਲਿਵ ਲੀਨ ਅਵਸਥਾ ਵਿਖੇ ਜੋ ਕੁਛ ਦਿੱਬ ਦਰਸ਼ਨ ਉਹ ਦੇਖਦਾ ਹੈ ਦੂਸਰੇ ਨੂੰ ਕਿਸ ਤਰ੍ਹਾਂ ਦਿਖਾਲੇ ਉਕਤ ਤਿਆਰੀ ਬਿਨਾਂ ਜਿਸ ਦਿੱਬ੍ਯ ਧੁਨੀ ਦੇ ਅਨਹਦ ਨਾਦ ਨੂੰ ਉਹ ਸੁਣਦਾ ਹੈ ਉਸ ਸੁਣੇ ਨੂੰ ਕਿਸ ਪ੍ਰਕਾਰ ਸੁਣਾਵੇ ਭਾਵ ਨੇਤ੍ਰ ਸ੍ਰੋਤ੍ਰ ਦੀ ਓਸੀ ਸਾਧਨਾ ਬਿਹੀਨ ਕਿਸੇ ਤਰ੍ਹਾਂ ਭੀ ਕੋਈ ਦੇਖ ਸੁਣ ਨਹੀਂ ਸਕਦਾ ਤੇ ਫੇਰ ਚੱਖਦਾ ਹੈ ਜਿਸ ਬ੍ਰਹਮਾਨੰਦ ਰੂਪ ਰਸ ਦੇ ਸੁਆਦ ਨੂੰ ਦੂਸਰਿਆਂ ਨੂੰ ਕਿਸ ਤਰ੍ਹਾਂ ਚਖਾਵੇ ਅਨੁਭਵ ਕਰਾਵੇ ਕਿ ਉਸ ਰਾਗ ਰੰਗ ਦਾ ਰਸ ਆਹ ਕੁਝ ਹੈ।

ਅਕਥ ਕਥਾ ਬਿਨੋਦ ਅੰਗ ਅੰਗ ਥਕਤ ਹੁਇ ਹੇਰਤ ਹਿਰਾਨੀ ਬੂੰਦ ਸਾਗਰ ਸ੍ਰਬੰਗ ਹੈ ।੯੬।

ਗੱਲ ਕੀਹ ਕਿ ਇਸ ਬਿਨੋਦ ਕੌਤੁਕ ਦੀ ਕਥਾ ਕਹਾਣੀ ਅਕੱਥ ਸਰੂਪ ਹੈ ਅਰਥਾਤ ਨਹੀਂ ਕਹੀ ਜਾਣ ਵਾਲੀ। ਬੱਸ ਉਸ ਰੱਬੀ ਝਰਣਾਟ ਦੇ ਛਿੜਦਿਆਂ ਸਾਰ ਅੰਗ ਅੰਗ ਥਕਿਤ ਚੂਰ ਚੂਰ ਹੋ ਜਾਂਦੇ ਹਨ। ਅਤੇ ਹੇਰਤ ਹੇਲਤ ਓਸ ਦੇ ਹਿਲੋਰ ਮਾਰਦਿਆਂ ਕ੍ਰੀੜਾ ਕਲੋਲ ਕਰਨ ਸਾਰ ਆਪੇ ਦੀ ਸੁਰਤ ਭੀ ਹਿਰਾਨੀ ਖੋਈ ਜਾਂਦੀ ਹੈ ਗੁੰਮ ਹੋ ਜਾਂਦੀ ਹੈ ਜੀਕੂੰ ਬੂੰਦ ਸਮੁੰਦਰ ਵਿਚ ਮਿਲ ਕੇ ਆਪਾ ਗੁਵਾ ਕੇ ਸਾਗਰ ਸਰੂਪ ਹੋ ਜਾਂਦੀ ਹੈ ਤੀਕੂੰ ਹੀ ਇਹ ਭੀ ਆਪਾ ਗੁਵਾ ਕੇ ਸਰਬੰਗ ਸਮੂਲਚੀ ਹੀ ਓਸ ਵਿਖੇ ਅਭੇਦ ਹੋ ਜਾਂਦੀ ਹੈ ॥੯੬॥