ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 675


ਰਾਗ ਜਾਤ ਰਾਗੀ ਜਾਨੈ ਬੈਰਾਗੈ ਬੈਰਾਗੀ ਜਾਨੈ ਤਿਆਗਹਿ ਤਿਆਗੀ ਜਾਨੈ ਦੀਨ ਦਇਆ ਦਾਨ ਹੈ ।

ਰਾਗਾਂ ਦੀਆਂ ਜਾਤਾਂ; ਰਾਗੀ ਜਾਣਦਾ ਹੈ; ਵੈਰਾਗ ਸਬੰਧੀ ਵੇਰਵਾ ਵੈਰਾਗੀ ਜਾਣਦਾ ਹੈ; ਤਿਆਗ ਬਾਬਤ ਸਾਰਾ ਹਾਲ ਤਿਆਗੀ ਜਾਣਦਾ ਹੈ ਤੇ ਗ਼ਰੀਬਾਂ ਤੇ ਦਇਆ ਕਰਨੀ ਦਾਨੀ ਜਾਣਦਾ ਹੈ।

ਜੋਗ ਜੁਗਤ ਜੋਗੀ ਜਾਨੈ ਭੋਗ ਰਸ ਭੋਗੀ ਜਾਨੈ ਰੋਗ ਦੋਖ ਰੋਗੀ ਜਾਨੈ ਪ੍ਰਗਟ ਬਖਾਨ ਹੈ ।

ਜੋਗ ਦੀ ਜੁਗਤੀ ਜੋਗੀ ਜਾਣਦਾ ਹੈ, ਭੋਗਾਂ ਦੇ ਰਸਾਂ ਨੂੰ ਭੋਗੀ ਜਾਣਦਾ ਹੈ; ਰੋਗਾਂ ਦੀ ਪੀੜਾ ਦਾ ਰੋਗੀ ਨੂੰ ਪਤਾ ਹੈ ਇਹ ਗੱਲ ਪ੍ਰਗਟ ਕਹੀ ਜਾਂਦੀ ਹੈ।

ਫੂਲ ਰਾਖ ਮਾਲੀ ਜਾਨੈ ਪਾਨਹਿ ਤੰਬੋਲੀ ਜਾਨੈ ਸਕਲ ਸੁਗੰਧਿ ਗਤਿ ਗਾਂਧੀ ਜਾਨਉ ਜਾਨ ਹੈ ।

ਫੁਲਾਂ ਦੀ ਰਾਖੀ ਕਰਨੀ ਮਾਲੀ ਜਾਣਦਾ ਹੈ ਪਾਨਾਂ ਦੀ ਸਾਂਭ ਸੰਭਾਲ ਤੰਬੋਲੀ ਜਾਣਦਾ ਹੈ; ਤੇ ਸਾਰੀਆਂ ਸੁਗੰਧੀ ਵਾਲੀਆਂ ਚੀਜ਼ਾਂ ਦਾ ਹਾਲ ਕਿਸੇ ਅਤਾਰ ਪਾਸੋਂ ਜਾਨਣਾ ਕਰੋ।

ਰਤਨੈ ਜਉਹਾਰੀ ਜਾਨੈ ਬਿਹਾਰੈ ਬਿਉਹਾਰੀ ਜਾਨੈ ਆਤਮ ਪ੍ਰੀਖਿਆ ਕੋਊ ਬਿਬੇਕੀ ਪਹਿਚਾਨ ਹੈ ।੬੭੫।

ਰਤਨਾਂ ਦੀ ਪਰਖ ਜੌਹਰੀ ਜਾਣਦਾ ਹੈ; ਵਿਹਾਰ ਸੰਬਧੀ ਵਾਕਫੀ ਵਿਹਾਰੀ ਜਾਣਦਾ ਹੈ; ਤਿਵੇਂ ਆਤਮ ਪ੍ਰੀਖਿਆ ਦੀ ਪਛਾਣ ਕੋਈ ਵਿਵੇਕਵਾਨ ਹੀ ਰਖਦਾ ਹੈ ॥੬੭੫॥