ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 543


ਸਿੰਮ੍ਰਿਤਿ ਪੁਰਾਨ ਬੇਦ ਸਾਸਤ੍ਰ ਬਿਰੰਚ ਬਿਆਸ ਨੇਤ ਨੇਤ ਨੇਤ ਸੁਕ ਸੇਖ ਜਸ ਗਾਇਓ ਹੈ ।

ਸਿੰਮ੍ਰਤੀਆਂ, ਪੁਰਾਣਾਂ, ਵੇਦਾਂ; ਸ਼ਾਸਤ੍ਰਾਂ ਤਥਾ ਬਿਰੰਚਿ ਬ੍ਰਹਮਾ ਬ੍ਯਾਸ ਅਰੁ ਸੁਕਦੇਵ, ਸ਼ੇਖਨਾਗ ਨੇ ਮਨ ਬਾਣੀ ਸਰੀਰ ਕਰ ਕੇ ਅਨੰਤ ਅਨੰਤ ਆਖਦਿਆਂ, ਜਿਸ ਦਾ ਜਸ ਗਾਇਆ ਹੈ।

ਸਿਉ ਸਨਕਾਦਿ ਨਾਰਦਾਇਕ ਰਖੀਸੁਰਾਦਿ ਸੁਰ ਨਰ ਨਾਥ ਜੋਗ ਧਿਆਨ ਮੈ ਨ ਆਇਓ ਹੈ ।

ਸ਼ਿਵਜੀ, ਸਨਕਾਦਿਕ ਮੁਨੀ, ਨਾਰਦ ਤੋਂ ਆਦਿ ਲੈ ਜੋ ਰਿਖੀਆਂ ਮੁਨੀਆਂ ਦੇ ਸ੍ਰਦਾਰ ਅਤੇ ਦੇਵਤੇ ਮਨੁੱਖ; ਸਿੱਧ ਨਾਥ ਆਦਿਕਾਂ ਦੇ ਜੋਗ ਸਾਧਦਿਆਂ ਜੋ ਧਿਆਨ ਅੰਦਰ ਨਹੀਂ ਆ ਸਕਿਆ।

ਗਿਰ ਤਰ ਤੀਰਥ ਗਵਨ ਪੁੰਨ ਦਾਨ ਬ੍ਰਤ ਹੋਮ ਜਗ ਭੋਗ ਨਈਬੇਦ ਕੈ ਨ ਪਾਇਓ ਹੈ ।

ਉੱਚ ਪਰਬਤ ਹਿਮਾਲਯ ਸੇਵਨ ਕੀਤਿਆਂ, ਵਾ ਓਸ ਉਪਰ ਗਲ ਗਿਆਂ, ਤੀਰਥਾਂ ਤੇ ਗਵਨ ਕੀਤਿਆਂ ਯਾਤ੍ਰਾ ਵਾਸਤੇ ਚਲ ਚਲ ਗਿਆਂ, ਪੁੰਨ ਦਾਨ ਕੀਤਿਆਂ, ਵਰਤ ਸਾਧਿਆਂ, ਹੋਮ ਜੱਗ ਕੀਤਿਆਂ, ਤਥਾ ਨਈ ਵੇਦ ਭੋਗ ਅਰਪਣ ਕਰਿਆਂ ਵਾ ਬੇਦ ਪਾਠ ਕਰਕੇ, ਜੋ ਨਹੀਂ ਪਾਇਆ ਜਾ ਸਕਿਆ।

ਅਸ ਵਡਭਾਗਿ ਮਾਇਆ ਮਧ ਗੁਰਸਿਖਨ ਕਉ ਪੂਰਨਬ੍ਰਹਮ ਗੁਰ ਰੂਪ ਹੁਇ ਦਿਖਾਇਓ ਹੈ ।੫੪੩।

ਓਸੇ ਐਸੇ ਪੂਰਨ ਬ੍ਰਹਮ ਪਰਮਾਤਮਾ ਨੇ ਮਾਇਆ ਕਾਰ ਵਿਹਾਰਾਂ ਅੰਦਰ ਵਰਤਦਿਆਂ ਹੋਇਆਂ ਵਡਭਾਗੇ ਸਿੱਖਾਂ ਨੂੰ, ਸਤਿਗੁਰ ਸ੍ਵਰੂਪ ਹੋਵੇ ਪ੍ਰਤੱਖ ਦਰਸ਼ਨ ਦਿੱਤਾ ਹੈ ॥੫੪੩॥


Flag Counter