ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 284


ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਅਤਿ ਪ੍ਰੇਮ ਕੈ ਪਰਸਪਰ ਪੂਰਨ ਪ੍ਰਗਾਸ ਹੈ ।

ਗੁਰੂ ਕੇ ਸਿੱਖਾਂ ਦੀ ਸੰਗਤਿ ਇਕੱਠ = ਦੀਵਾਨ ਵਿਖੇ ਭੀ ਜੋ ਮਿਲਾਪ ਆਪੋ ਵਿਚ ਮਿਲ ਬੈਠਨ ਦਾ ਅਉਸਰ ਪ੍ਰਾਪਤ ਆਣ ਹੋਵੇ ਤਾਂ ਓਸ ਦਾ ਪ੍ਰਤਾਪ ਮਹਾਤਮ ਭੀ ਅਤੀ ਅਧਿਕ ਬਹੁਤ ਬੜ੍ਹੀਆ ਹੈ, ਕ੍ਯੋਂਕਿ ਪਰਸਪਰ ਆਪੋ ਵਿਚ ਇਕ ਦੂਏ ਨੂੰ ਗੁਰੂ ਕ੍ਰਿਪਾ ਦਾ ਨਿਵਾਜਿਆ ਹੋਇਆ ਵਾ ਗੁਰ ਉਪਦੇਸ਼ ਦੇ ਕਮਾਨ ਵਾਲਾ ਜਾਣ ਕੇ ਪ੍ਰੇਮ ਪਿਆਰ ਕਰਦਿਆਂ ਕਰਦਿਆਂ ਓਨ੍ਹਾਂ ਨੂੰ ਤੱਕ ਕੇ ਸੁਤੇ ਹੀ ਨਵੀਨ ਆਏ ਜਿਗ੍ਯਾਸੀ ਦੇ ਅੰਦਰ ਭੀ ਪੂਰਨ = ਜ੍ਯੋਂ ਕਾ ਤ੍ਯੋਂ ਪ੍ਰੇਮ ਪ੍ਰਗਟ ਹੋ ਔਂਦਾ ਹੈ। ਭਾਵ ਉਹ ਗੁਰਮੁਖੀ ਮੰਡਲ ਦਾ ਪੂਰਾ ਪੂਰਾ ਪ੍ਰੇਮੀ ਬਣ ਜਾਂਦਾ ਹੈ।

ਦਰਸ ਅਨੂਪ ਰੂਪ ਰੰਗ ਅੰਗ ਅੰਗ ਛਬਿ ਹੇਰਤ ਹਿਰਾਨੇ ਦ੍ਰਿਗ ਬਿਸਮ ਬਿਸ੍ਵਾਸ ਹੈ ।

ਓਨਾਂ ਗੁਰਸਿੱਖਾਂ ਦੇ ਮਿਲ ਕੇ ਭਜਨ ਕੀਰਤਨ ਕਰਦਿਆਂ ਲਾਲ ਗੁਲਾਲ ਹੋਏ ਦਗ ਦਗ ਦਮਕਦੇ ਚਿਹਰਿਆਂ ਦੇ ਅਨੂਪਮ = ਉਪਮਾ ਰਹਿਤ ਦਰਸ਼ਨ ਕਰ ਕੇ, ਅਤੇ ਓਨਾਂ ਦੇ ਰੂਪ ਰੰਗ ਤੇ ਅੰਗ ਅੰਗ ਦੀ ਛਬਿ = ਸੁੰਦਰਤਾ ਵਾ ਦਮਕ ਨੂੰ ਹੇਰਤ ਤੱਕ ਤੱਕ ਉਕਤ ਅਧਿਕਾਰੀ ਦੇ ਦ੍ਰਿਗ ਨੇਤ੍ਰ ਭੀ ਹਿਰਾਨੇ ਹੈਰਾਨੀ ਵਿਚ ਬਕਿਤ ਹੋ ਜਾਂਦੇ ਵਾ ਹਿਰੇ ਮੁੱਠੇ ਮੋਹਿਤ ਹੋ ਜਾਂਦੇ ਹਨ ਅਰ ਓਸ ਦੇ ਅੰਦਰ ਭੀ ਗੁਰੂ ਮਹਾਰਾਜ ਤਥਾ ਓਨਾਂ ਦੀ ਸੰਗਤਿ ਤਥਾ ਗੁਰਬਾਣੀ ਉਪਰ ਦ੍ਰਿੜ੍ਹ ਭਰੋਸਾ ਪੱਕਾ ਨਿਸਚਾ ਜੋ ਕਿਸੇ ਦ੍ਵਾਰੇ ਚਲਾਇਆ ਨਾ ਜਾ ਸਕੇ ਉਤਪੰਨ ਹੋ ਆਇਆ ਕਰਦਾ ਹੈ।

ਸਬਦ ਨਿਧਾਨ ਅਨਹਦ ਰੁਨਝੁਨ ਧੁਨਿ ਸੁਨਤ ਸੁਰਤਿ ਮਤਿ ਹਰਨ ਅਭਿਆਸ ਹੈ ।

ਅਰਥਾਤ ਸਬਦ ਨਿਧਾਨ ਗੁਰ ਸ਼ਬਦ ਦੀ ਪ੍ਰਾਪਤੀ ਦਾ ਪਰਮ ਕਾਰਣ ਰੂਪ ਸ਼ਬਦ ਭੰਡਾਰ ਜੋ ਸ਼ਬਦ ਕੀਰਤਨ ਹੈ ਓਸ ਦੀ ਅਨਹਦ ਇਕ ਰਸ ਰੁਨ ਝੁਨ ਰਿਮ ਝਿਮਾਕਾਰ ਅਨਟੁੱਟਵੀਂ ਧੁਨੀ ਨੂੰ ਸੁਣਦਿਆਂ ਸੁਣਦਿਆਂ ਓਸ ਅਧਿਕਾਰੀ ਦੀ ਸੁਰਤਿ ਪਹਿਲੀਆਂ ਪ੍ਰਵਿਰਤੀਆਂ ਵਾਲੀ ਸੂਝ ਤਥਾ ਮਤਿ ਸਿਆਣਪ ਹਰਨ = ਹਰੀ ਜਾਂਦੀ ਗੁੰਮ ਹੋ ਜਾਂਦੀ ਹੈ ਤੇ ਓਸ ਨੂੰ ਭੀ ਇਸ ਪ੍ਰਕਾਰ ਗੁਰਬਾਣੀ ਦੇ ਸੁਨਣ ਸਮਝਨ ਦਾ ਅਭਿਆਸ ਪੈ ਜਾਇਆ ਕਰਦਾ ਹੈ।

ਦ੍ਰਿਸਟਿ ਦਰਸ ਅਰੁ ਸਬਦ ਸੁਰਤਿ ਮਿਲਿ ਪਰਮਦਭੁਤ ਗਤਿ ਪੂਰਨ ਬਿਲਾਸ ਹੈ ।੨੮੪।

ਇਸੇ ਪ੍ਰਕਾਰ ਗੁਰੂਦੇ ਪਿਆਰਿਆਂ ਅੰਦਰ ਗੁਰੂ ਰਮਿਆ ਦਰਸ -ਦਰਸ਼ਨ ਦ੍ਰਿਸ਼ਟਿ ਨੇਤ੍ਰਾਂ ਕਰ ਕੇ ਕਰਦਿਆਂ ਤਥਾ ਸੁਰਤਿ ਸੁਨਣ ਹਾਰੀ ਸ਼ਕਤੀ ਦੇ ਸ਼ਬਦ ਵਿਚ ਮਿਲਿ ਇਕਾਗ੍ਰ ਹੋ ਗਿਆਂ ਹੋਰਨਾਂ ਗੱਲਾਂ ਬਾਤਾਂ ਸੁਨਣੋਂ ਮੂਲੋਂ ਹੀ ਪਰਚਾ ਹਟ ਗਿਆਂ ਓਸ ਦੀ ਪਰਮ ਅਦਭੁਤ ਪ੍ਰੇਮ ਮਈ ਦਸ਼ਾ ਹੋ ਜਾਂਦੀ ਹੈ, ਤੇ ਇਵੇਂ ਹੀ ਓਸ ਦੇ ਅੰਦਰ ਪੂਰਨ ਪ੍ਰਮਾਤਮਾ ਦਾ ਬਿਲਾਸ ਸਾਖ੍ਯਾਤਕਾਰ ਹੋ ਔਂਦਾ ਹੈ ॥੨੮੪॥