ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 22


ਗੁਰ ਉਪਦੇਸ ਰਿਦੈ ਨਿਵਾਸ ਨਿਮ੍ਰਤਾ ਨਿਵਾਸ ਜਾਸੁ ਧਿਆਨ ਗੁਰ ਮੁਰਤਿ ਕੈ ਪੂਰਨ ਬ੍ਰਹਮ ਹੈ ।

ਜਿਸ ਦੇ ਹਿਰਦੇ ਅੰਦਰ ਨਿੰਮ੍ਰਤਾਈ ਗਰੀਬੀ ਦਾ ਨਿਵਾਸ ਹੋਣ ਕਰ ਕੇ ਗੁਰ ਉਪਦੇਸ਼ ਦਾ ਭੀ ਨਿਵਾਸ ਟਿਕਾਉ ਹੈ, ਉਸ ਗੁਰੂ ਸਰੂਪ ਨੂੰ ਪੂਰਨ ਬ੍ਰਹਮ ਰੂਪ ਕਰ ਕੇ ਹੀ ਧ੍ਯਾਨ ਨਿਗ੍ਹਾ ਵਿਚ ਲਿਆਉਂਦਾ ਹੈ।

ਗੁਰਮੁਖਿ ਸਬਦ ਸੁਰਤਿ ਉਨਮਾਨ ਗਿਆਨ ਸਹਜ ਸੁਭਾਇ ਸਰਬਾਤਮ ਕੈ ਸਮ ਹੈ ।

ਸਤਿਗੁਰਾਂ ਵੱਲ ਰੁਖ ਵਾਲਾ ਐਸਾ ਜੋ ਗੁਰਮੁਖ ਹੈ ਸੋ ਸ਼ਬਦ ਵਿਖੇ ਸੁਰਤ ਨੂੰ ਤੋਲਦਾ ਤੋਲਦਾ ਧਾਰਣ ਕਰਦਾ ਹੋਇਆ ਸਹਜੇ ਨਿਰ ਜਤਨ ਸੁਤੇ ਹੀ ਸੁਭਾਇ = ਸੁ +ਭਾਇ = ਸ੍ਵੈ +ਭਾਵੀ = ਆਤਮ ਭਾਵੀ ਦਸ਼ਾ ਵਿਖੇ ਆਪਣੇ ਅੰਦਰ ਹੀ ਸਮ ਇਕ ਰਸ ਪ੍ਰੀਪੂਰਣ ਵਾਹਿਗੁਰੂ ਅਕਾਲ ਪੁਰਖ ਨੂੰ ਸਰਬਾਤਮ ਕੈ = ਸਭ ਦਾ ਅਪਨਾ ਆਪ ਸਰਬ ਸਰੂਪੀ ਹੋਇਆ ਹੋਇਆ ਗਿਆਨ ਜਾਣ ਲੈਂਦਾ ਹੈ।

ਹਉਮੈ ਤਿਆਗਿ ਤਿਆਗੀ ਬਿਸਮਾਦ ਕੋ ਬੈਰਾਗੀ ਭਏ ਮਨ ਓੁਨਮਨ ਲਿਵ ਗੰਮਿਤਾ ਅਗੰਮ ਹੈ ।

ਇਸ ਗਿਆਨ ਦੇ ਪ੍ਰਭਾਵ ਕਰ ਕੇ ਦੇਹ ਅਧ੍ਯਾਸ ਰੂਪ ਆਪੇ ਦੀ ਗੰਢ ਸਰੂਪ ਹਉਮੈ ਨੂੰ ਤਿਆਗ ਦੇਣ ਕਰ ਕੇ ਉਹ ਤਿਆਗੀ ਬਣ ਜਾਂਦਾ ਹੈ, ਅਰੁ ਦੇਹ ਅੰਦਰ ਵਸਦਾ ਹੋਇਆ ਭੀ ਇਸ ਤੋਂ ਜਿਉਂ ਕਾ ਤਿਉਂ ਅਸੰਗ ਅਲੇਪ ਹੋ ਭਾਸਨ ਵਾਲੀ ਬਿਸਮਾਦ ਅਚੰਭਿਤ ਅਵਸਥਾ ਨੂੰ ਪ੍ਰਾਪਤ ਹੋਣ ਕਰ ਕੇ ਮਾਨੋ ਉਹ ਬੈਰਾਗੀ ਮੈਂ ਮਮਤਾ ਆਦਿ ਸਮੂਹ ਮੋਹ ਮਾਇਆ ਤੋਂ ਵਿਰਾਗਵਾਨ ਹੋ ਜਾਂਦਾ ਹੈ, ਅਰਥਾਤ ਮਨ ਲੋਕਿਕ ਦ੍ਰਿਸ਼ਟੀ ਵਿਖੇ ਬਾਹਰ ਵਰਤਦਾ ਭਾਦਸਾ ਹੋਇਆ ਭੀ ਅੰਦਰ ਨਿਸਚੇ ਵਿਚ ਅਡੋਲ ਟਿਕ ਜਾਂਦਾ ਹੈ ਤੇ ਇਸੇ ਲਿਵ ਕਰ ਕੇ ਹੀ ਓਸ ਨੂੰ ਅਗੰਮ ਦੀ ਗੰਮਤਾ ਪਹੁੰਚ ਹੋ ਆਉਂਦੀ ਹੈ। ਜਿਸ ਕਰ ਕੇ ਉਹ ਇਉਂ ਅਨੁਭਵ ਕਰਨ ਲਗ ਜਾਂਦਾ ਹੈ-

ਸੂਖਮ ਅਸਥੂਲ ਮੂਲ ਏਕ ਹੀ ਅਨੇਕ ਮੇਕ ਜੀਵਨ ਮੁਕਤਿ ਨਮੋ ਨਮੋ ਨਮੋ ਨਮ ਹੈ ।੨੨।

ਕਿ ਸੂਖਮ ਮਨੋ ਦ੍ਰਿਸ਼ਟੀ ਗੰਮ੍ਯ ਅਰੁ ਅਸਥੂਲ ਚਰਮ ਦ੍ਰਿਸ਼ਟੀ ਗੰਮ ਜੋ ਕੁਛ ਭੀ ਸ੍ਰਿਸ਼ਟੀ ਅੰਦਰ ਦੇਖਣ ਸੁਨਣ ਯਾ ਚਿੰਤਨ ਵਿਖੇ ਆ ਸਕਦਾ ਹੈ ਉਸ ਦਾ ਮੂਲ ਮੁਢ ਇਕ ਅਕਾਲ ਪੁਰਖ ਹੀ ਹੈ ਤੇ ਉਹ ਇਕ ਹੀ ਉਕਤ ਸਥੂਲ ਸੂਖਮ ਭਾਵੀ ਅਨੇਕਤਾ ਵਿਚ ਮਿਲਿਆ ਹੋਇਆ ਹੈ। ਸੋ ਐਸੀ ਅਨੁਭਵੀ ਦ੍ਰਿਸ਼ਟੀ ਸੰਪੰਨ ਜੋ ਜੀਵਨ ਮੁਕਤ ਭਾਵ ਨੂੰ ਪ੍ਰਾਪਤ ਹੋਇਆ ਗੁਰਸਿੱਖ ਹੈ ਤਿਸ ਦੇ ਤਾਂਈ ਮਨ ਬਾਣੀ ਸਰੀਰ ਕਰ ਕੇ ਨਮਸਕਾਰ ਕਰਦਾ ਹਾਂ ਅਧੀਨਗੀ ਸਹਿਤ ॥੨੨॥