ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 262


ਪੂਰਨ ਬ੍ਰਹਮ ਗੁਰ ਮਹਿਮਾ ਕਹੈ ਸੁ ਥੋਰੀ ਕਥਨੀ ਬਦਨੀ ਬਾਦਿ ਨੇਤ ਨੇਤ ਨੇਤ ਹੈ ।

ਪੂਰਨ ਬ੍ਰਹਮ ਸਰੂਪ ਸਤਿਗੁਰਾਂ ਦੀ ਮਹਿਮਾ ਜਿਤਨੀ ਭੀ ਕਹੀਏ, ਉਹ ਥੋੜੀ ਹੀ ਥੋੜੀ ਹੈ। ਸ਼ਾਸਤ੍ਰੋਕ੍ਤ ਕਹਾਣੀਆਂ ਉਚਾਰ ਉਚਾਰ ਕੇ ਵਾ ਬਦਨੀ ਅਪਣੇ ਅੰਦਰਲੀ ਪ੍ਰੇਮ ਮਈ ਉਮੰਗਦ੍ਵਾਰਾ ਵਰਨਣ ਕਰ ਕਰ ਕੇ ਉਸਤਤੀ ਆਖਣੀ ਚਾਹੀਏ ਉਹਸਭੇ ਜਤਨ ਹੀ ਬਾਦਿ ਬ੍ਯਰਥ ਰਹਿੰਦੇ ਹਨ। ਇਸ ਲਈ ਬਾਰੰਬਾਰ ਬਾਣੀ ਸ਼ਰੀਰ ਕਰ ਕੇ ਨੇਤਿ ਨੇਤਿ ਨੇਤਿ ਨਹੀਂ ਬਸ, ਨਹੀਂ ਬਸ, ਨਹੀਂ ਬਸ ਹੀ ਉਚਾਰਣ ਕਰਦੇ ਹਾਂ ਇਉਂ ਤਾਂ ਉਸਤਤੀ ਦੀ ਗੰਮਤਾ ਨਹੀਂ।

ਪੂਰਨ ਬ੍ਰਹਮ ਗੁਰ ਪੂਰਨ ਸਰਬਮਈ ਨਿੰਦਾ ਕਰੀਐ ਸੁ ਕਾ ਕੀ ਨਮੋ ਨਮੋ ਹੇਤ ਹੈ ।

ਅਤੇ ਪੂਰਨ ਬ੍ਰਹਮ ਸਰੂਪ ਸਤਿਗੁਰਾਂ ਹੀ ਜਦ ਸਰਬ ਠੌਰ ਪ੍ਰੀਪੂਰਣ ਹੋਏ ਬ੍ਰਹਮ ਮਈ ਸਰਬ ਬ੍ਰਹਮ ਸਰੂਪੀ ਬੇਣੇ ਹੋਏ ਹਨ, ਤਾਂ ਨਿੰਦਾ ਕਿਸਦੀ ਕਰੀਏ ਭਾਵ ਬੁਰਾ ਕਿਸ ਨੂੰ ਆਖੀਏ, ਤਾਂ ਤੇ ਹੇਤਿ ਸਭ ਨਾਲ ਪਿਆਰ ਪੂਰਬਕ ਵਰਤਦਿਆਂ ਸਭ ਅਗੇ, ਨਮਸਕਾਰ ਹੀ ਨਮਸਕਾਰ ਕਰਦਾ ਰਹੇ।

ਤਾਹੀ ਤੇ ਬਿਵਰਜਤ ਅਸੁਤਤਿ ਨਿੰਦਾ ਦੋਊ ਅਕਥ ਕਥਾ ਬੀਚਾਰਿ ਮੋਨਿ ਬ੍ਰਤ ਲੇਤ ਹੈ ।

ਤਿਸੇ ਕਰ ਕੇ ਹੀ ਉਸਤਤੀ ਤੇ ਨਿੰਦਾ ਦੋਹਾਂ ਨੂੰ ਹੀ ਤਿਆਗ ਕੇ ਅਕੱਥ ਕਥਨੀ ਭਾਵ ਵਿਚ ਵਰਤਦਾ ਹੋਇਆ ਵਾ ਅਕਥ ਕਥਾ ਵਾਲੇ ਮਰਮ ਨੂੰ ਸਮਝ ਕੇ ਮੋਨ ਬਿਰਤੀ ਚੁੱਪ ਸਾਧਨਾ ਦੇ ਵਰਤ ਰੂਪ ਪ੍ਰਤਿਗਿਆ ਨੂੰ ਧਾਰੀ ਰਖੇ।

ਬਾਲ ਬੁਧਿ ਸੁਧਿ ਕਰਿ ਦੇਹ ਕੈ ਬਿਦੇਹ ਭਏ ਜੀਵਨ ਮੁਕਤਿ ਗਤਿ ਬਿਸਮ ਸੁਚੇਤ ਹੈ ।੨੬੨।

ਇਸ ਭਾਂਤ ਵਰਤਦਾ ਹੋਇਆ ਬਾਲਕਾਂ ਵਾਲੀ ਬੁਧੀ ਅਸੰਗ ਅਲੇਪ ਬਿਰਤੀ ਦੀ ਸੁਧਿ ਸੋਝੀ ਕਰ ਕੇ ਅਪਣੇ ਅੰਦਰ ਓਸ ਦਾ ਜ੍ਯੋਂ ਕਾ ਤ੍ਯੋਂ ਨਮੂੰਨਾ ਢਾਲਕੇ ਦੇਹ ਵਲੋਂ ਵਿਦੇਹ ਹੋ ਜਾਵੇ ਦੇਹ ਅਧ੍ਯਾਸ ਦਾ ਤਿਆਗ ਕਰ ਦੇਵੇ ਤੇ ਐਉਂ ਜੀਵਨ ਮੁਕਤ ਗਤੀ ਨੂੰ ਪ੍ਰਾਪਤ ਹੋਇਆ ਉਪਰੋਂ ਬਾਲਕਾਂ ਵਤ ਵਰਤਦਾ ਹੋਇਆ ਅੰਦਰੋਂ ਹਰਾਨ ਕਰ ਦੇਣ ਵਾਲਾ ਸੁਚੇਤ ਸ੍ਯਾਣਾ ਸਾਵਧਾਨ ਬਣ੍ਯਾ ਰਹੇ ॥੨੬੨॥


Flag Counter