ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 442


ਜੈਸੇ ਘਨਘੋਰ ਮੋਰ ਚਾਤ੍ਰਕ ਸਨੇਹ ਗਤਿ ਬਰਖਤ ਮੇਹ ਅਸਨੇਹ ਕੈ ਦਿਖਾਵਹੀ ।

ਜਿਸ ਤਰ੍ਹਾਂ ਮੇਘ ਦੀ ਗੜਗੱਜ ਬੱਦਲ ਦੀ ਗਰਜਨਾਂ ਨਾਲ ਮੋਰ ਤਥਾ ਪਪੀਹੇ ਦੇ ਸਨੇਹ ਗੀਤ ਪ੍ਯਾਰ ਦੀ ਚਾਲ ਹੁੰਦੀ ਹੈ ਪਰ ਇਹ ਐਸਾ ਪ੍ਰੇਮ ਮੀਂਹ ਪੈਂਦਿਆਂ ਹੀ ਕਰ ਕੇ ਦਿਖਾਇਆ ਕਰਦੇ ਹਨ; ਸਦੀਵ ਕਾਲ ਨਹੀਂ।

ਜੈਸੇ ਤਉ ਕਮਲ ਜਲ ਅੰਤਰਿ ਦਿਸੰਤਰਿ ਹੁਇ ਮਧੁਕਰ ਦਿਨਕਰ ਹੇਤ ਉਪਜਾਵਹੀ ।

ਜਿਸ ਤਰ੍ਹਾਂ ਫੇਰ ਕੌਲ ਫੁੱਲ ਹੁੰਦਾ ਹੈ ਚਾਹੇ ਜਲ ਦੇ ਅੰਦਰ ਹੀ ਸਮੀਟਿਆ ਹੋਇਆ ਪਰ ਇਉਂ ਹੁੰਦਿਆਂ ਭੌਰਾ ਹੁੰਦਾ ਹੈ ਦਿਸੰਤਰਿ ਹੋਰਨੀ ਹੋਰਨੀ ਪਾਸੀਂ ਪਰਚਿਆ ਕਿੰਤੂ ਜ੍ਯੋਂ ਹੀ ਕਿ ਕੌਲ ਸੂਰਜ ਨਾਲ ਪ੍ਯਾਰ ਪ੍ਰਗਟਾ ਲੈਂਦਾ ਭਾਵੇਂ; ਆਪਣੀ ਨਿਗ੍ਹਾ ਜਲ ਤੋਂ ਉਠਾ ਕੇ ਸੂਰਜ ਵੱਲ ਪ੍ਯਾਰ ਲਗਾਂਦਾ ਖਿੜਦਾ ਹੈ ਤਾਂ ਭੌਰਾ ਭੀ ਕੌਲ ਨਾਲ ਪ੍ਯਾਰ ਕਰਨ ਲਗ ਪੈਂਦਾ ਹੈ ਭਾਵ ਅਨਖਿੜੇ ਕੌਲ ਨੂੰ ਨਹੀਂ ਪ੍ਯਾਰਦਾ ਤੇ ਖਿੜੇ ਨੂੰ ਪ੍ਯਾਰਦਾ ਹੈ।

ਦਾਦਰ ਨਿਰਾਦਰ ਹੁਇ ਜੀਅਤਿ ਪਵਨ ਭਖਿ ਜਲ ਤਜਿ ਮਾਰਤ ਨ ਪ੍ਰੇਮਹਿ ਲਜਾਵਹੀ ।

ਦਾਦਰ ਡਡੂ ਦਾ ਜਦ ਜਲ ਪਾਸੋਂ ਨਿਰਾਦਰ ਹੁੰਦਾ ਹੈ ਭਾਵ ਜਦੋਂ ਜਲ ਸੁੱਕ ਕੇ ਡਡੂ ਦਾ ਆਦਰ ਨਹੀਂ ਕਰ ਸਕਦਾ; ਤਾਂ ਇਹ ਪੌਣ ਨੂੰ ਭੱਛਨ ਕਰ ਕੇ ਜੀਉਂਦਾ ਰਹਿੰਦਾ ਹੈ; ਤੇ ਜਲ ਦੇ ਤਿਆਗਿਆਂ ਇਹ ਮਰ ਨਹੀਂ ਜਾਂਦਾ ਅਰੁ ਇਉਂ ਇਹ ਸਭੀ ਪ੍ਰੇਮ ਨੂੰ ਲਾਜ ਹੀ ਲਾਇਆ ਕਰਦਾ ਹੈ।

ਕਪਟ ਸਨੇਹੀ ਤੈਸੇ ਆਨ ਦੇਵ ਸੇਵਕੁ ਹੈ ਗੁਰਸਿਖ ਮੀਨ ਜਲ ਹੇਤ ਠਹਰਾਵਹੀ ।੪੪੨।

ਤਿਸੀ ਪ੍ਰਕਾਰ ਹੀ ਮੋਰ ਪਪੀਹੇ; ਕੌਲ ਭੌਰੇ; ਤਥਾ ਡਡੂ ਦੀ ਨ੍ਯਾਈਂ ਕਪਟ ਸਨੇਹੀ ਦਿਖਾਵੇ ਦੇ ਸ੍ਵਾਰਥੀ ਪ੍ਯਾਰ ਵਾਲੇ ਸਤਿਗੁਰਾਂ ਤੋਂ ਬੇਮੁਖ ਹੋ ਹੋਰਨਾਂ ਦੇਵਤਿਆਂ ਦੇ ਸੇਵਕ ਜਾ ਬਣਦੇ ਹਨ; ਪ੍ਰੰਤੂ ਗੁਰੂ ਕੇ ਸਿੱਖ ਅੰਦਰੋਂ ਬਾਹਰੋਂ ਇਕ ਸਮਾਨ ਸੱਚਾ ਪ੍ਰੇਮ ਕਰਣ ਹਾਰੇ ਮਛਲੀ ਜਲ ਵਾਲੇ ਪ੍ਰੇਮ ਉਪਰ ਨਿਸਚਾ ਧਾਰਦੇ ਹਨ: ਭਾਵ ਜਲ ਬਿਨਾਂ ਮਛਲੀ ਦੇ ਮਰ ਮਿਟਨ ਵਤ ਸਤਿਗੁਰਾਂ ਤੋਂ ਕਦਾਚਿਤ ਵਿਛੜਦੇ ਮਰਣ ਲਗਦੇ ਹਨ ॥੪੪੨॥