ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 277


ਪੂਰਨ ਬ੍ਰਹਮ ਗੁਰ ਪੂਰਨ ਪਰਮਜੋਤਿ ਓਤਿ ਪੋਤਿ ਸੂਤ੍ਰ ਗਤਿ ਏਕ ਹੀ ਅਨੇਕ ਹੈ ।

ਸਰਬ ਠੌਰ ਪ੍ਰੀਪੂਰਣ ਵਾਹਿਗੁਰੂ ਹੀ ਪਰਮ ਜੋਤੀ ਸਰੂਪ ਪੂਰਨ ਗੁਰੂ ਹੈ, ਉਹੀ ਇਕ ਇਸ ਪ੍ਰਕਾਰ ਅਨੇਕ ਰੂਪ ਹੋਇਆ ਹੋਇਆ ਹੈ, ਜਿਸ ਤਰ੍ਹਾਂ ਕਿ ਬਸਤ੍ਰ ਵਿਖੇ ਸੂਤ੍ਰ ਤਾਣਾ ਪੇਟਾ ਰੂਪ ਹੋਇਆ ਓਤ ਪੋਤ ਭਾਵ ਵਿਖੇ ਗਤਿ ਰਮ੍ਯਾ ਹੁੰਦਾ ਹੈ।

ਲੋਚਨ ਸ੍ਰਵਨ ਸ੍ਰੋਤ ਏਕ ਹੀ ਦਰਸ ਸਬਦ ਵਾਰ ਪਾਰ ਕੂਲ ਗਤਿ ਸਰਿਤਾ ਬਿਬੇਕ ਹੈ ।

ਨੇਤ੍ਰ, ਕੰਨ ਆਦਿ ਇੰਦ੍ਰੀਆਂ, ਤਥਾ ਸ੍ਰੋਤ ਇਨਾਂ ਦੀ ਪ੍ਰਵਿਰਤੀ ਦੇ ਗੋਲਕ ਖੱਡੇ ਇਕੋ ਹੀ ਮਸਾਲੇ ਦੇ ਰਚੇ ਹੋਏ ਹੋਣ ਕਰ ਕੇ ਤੇ ਇਕੋ ਸ੍ਰੀਖੇ ਹੋਣ ਕਾਰਣ ਇਕ ਸਰੂਪ ਹੀ ਹਨ, ਤੈਸੇ ਹੀ ਇਨਾਂ ਦੇ ਕੰਮ ਦਰਸ਼ਨ ਸਬਦ ਆਦਿ ਵਿਖ੍ਯ ਭੀ ਇਕੋ ਹੀ ਸਰੂਪ ਹਨ। ਜੀਕੂੰ ਸਰਿਤਾ ਨਦੀ ਦੇ ਕੂਲ ਕਿਨਾਰਿਆਂ ਦੀ ਉਰਾਰ ਪਾਰ ਦੀ ਗਤਿ ਦਸ਼ਾ ਬਿਬੇਕ ਦੋ ਹੁੰਦੀ ਹੋਈ ਭੀ ਅਸਲ ਵਿਚ ਇਕੋ ਹੀ ਹੈ ਭਾਵ ਪਾਰ ਦੀ ਅਪੇਖ੍ਯਾ ਉਰਾਰ ਤੇ ਉਰਾਰਤ ਦੀ ਅਪੇਖ੍ਯਾ ਪਾਰ ਇਕ ਸਮਾਨ ਹੀ ਆਖਣ ਵਿਚ ਔਂਦੀ ਹੈ। ਤੈਸਾ ਹੀ ਹਾਲ:

ਚੰਦਨ ਬਨਾਸਪਤੀ ਕਨਿਕ ਅਨਿਕ ਧਾਤੁ ਪਾਰਸ ਪਰਸਿ ਜਾਨੀਅਤ ਜਾਵਦੇਕ ਹੈ ।

ਜਿਸ ਭਾਂਤ ਚੰਨਨ ਸਪਰਸ਼ਿਤ ਸਭ ਪ੍ਰਕਾਰ ਦੀ ਬਨਾਸਪਤੀ ਬਨਰਾਉ ਅੰਦਰ ਇਕ ਸਰੂਪ ਚੰਨਣ ਹੀ ਰਮਿਆ ਹੋਇਆ ਹੈ, ਅਰੁ ਜਿਸ ਤਰ੍ਹਾਂ ਪਾਰਸ ਨੂੰ ਪਰਸਨ ਉਪ੍ਰ੍ਰੰਤ ਅਨੇਕਾਂ ਧਾਤੂਆਂ ਵਿਖੇ ਇਕਮਾਤ੍ਰ ਕਨਿਕ ਸੋਨਾ ਹੀ ਜਾਨਣ ਵਿਚ ਆਇਆ ਕਰਦਾ ਹੈ, ਇਸੇ ਭਾਂਤ ਜਾਵਦ ਏਕ ਯਾਵਤ ਜਿਤਨਾ ਮਾਤ੍ਰ ਸਮੂਹ ਪਰਪੰਚ ਹੈ ਉਸ ਵਿਖੇ ਇਕ ਪਰਮਾਤਮਾ ਹੀ ਬ੍ਯਾਪਿਆ ਹੋਇਆ ਹੋਣ ਦਾ ਹਾਲ ਨਿਸਚੇ ਕਰੋ।

ਗਿਆਨ ਗੁਰ ਅੰਜਨ ਨਿਰੰਜਨ ਅੰਜਨ ਬਿਖੈ ਦੁਬਿਧਾ ਨਿਵਾਰਿ ਗੁਰਮਤਿ ਏਕ ਟੇਕ ਹੈ ।੨੭੭।

ਪ੍ਰੰਤੂ ਇਹ ਏਕਤਾ ਵਾਲੀ ਟੇਕ ਤਦ ਪ੍ਰਾਪਤ ਹੁੰਦੀ ਹੈ, ਜਦ ਸਤਿਗੁਰੂ ਗੁਰਮਤਿ ਦਾ ਅੰਜਨ ਸੁਰਮਾ ਸਿੱਖ ਦੇ ਨੇਤ੍ਰੀਂ ਪਾ ਕੇ ਦੁਬਿਧਾ ਨੂੰ ਨਿਵਾਰਣ ਕਰ ਕੇ ਮਾਇਆ ਵਿਖੇ ਹੀ ਗਿਆਨ ਨਿਰੰਜਨ ਮਾਇਆ ਰਹਿਤ ਪਾਰਬ੍ਰਹਮ ਪਰਮਾਤਮਾ ਦਰਸੌਨ ਵਾਲਾ ਗਿਆਨ ਪ੍ਰਦਾਨ ਕਰਨ ॥੨੭੭॥