ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 446


ਜੈਸੇ ਤਉ ਗਗਨ ਘਟਾ ਘਮੰਡ ਬਿਲੋਕੀਅਤਿ ਗਰਜਿ ਗਰਜਿ ਬਿਨੁ ਬਰਖਾ ਬਿਲਾਤ ਹੈ ।

ਜਿਸ ਤਰ੍ਹਾਂ ਫੇਰ ਆਕਾਸ਼ ਮੰਡਲ ਵਿਖੇ ਬਦਲਾਂ ਦੀ ਘਟਾ ਘਮੰਡ ਘਿਰੀ ਹੋਈ ਮਾਨੋ ਹੁਣੇ ਵਰ੍ਹੀ ਕਿ ਵਰ੍ਹੀ ਦਸ਼ਾ ਵਿਖੇ ਦੇਖੀਦੀ ਹੈ; ਪਰ ਗੱਜ ਗੱਜ ਕੇ ਮੀਂਹ ਪਏ ਬਿਨਾਂ ਹੀ ਜੀਕੂੰ ਉਹ ਬਿਲਾਤ ਦਫਾ ਹੋ ਜਾਯਾ ਉਡ ਜਾਯਾ ਕਰਦੀ ਹੈ।

ਜੈਸੇ ਤਉ ਹਿਮਾਚਲਿ ਕਠੋਰ ਅਉ ਸੀਤਲ ਅਤਿ ਸਕੀਐ ਨ ਖਾਇ ਤ੍ਰਿਖਾ ਨ ਮਿਟਾਤ ਹੈ ।

ਜਿਸ ਤਰ੍ਹਾਂ ਮੁੜ ਬਰਫ ਦਾ ਪਹਾੜ ਹੈ; ਕਠੋਰ ਨਿਗਰ ਅਤੇ ਅਤ੍ਯੰਤ ਸੀਤਲ ਠੰਢਾ ਠਾਰ ਪਰ ਉਥੋਂ ਕੁਛ ਖਾ ਨਹੀਂ ਸਕੀਦਾ ਕ੍ਯੋਂ ਜੁ ਬਰਫ ਬਿਨਾਂ ਕੁਛ ਮਿਲਦਾ ਹੀ ਨਹੀਂ; ਤੇ ਜੇ ਬਰਫ ਨੂੰ ਖਾਵੇ ਤਾਂ ਪਿਆਸ ਨਹੀਂ ਮਿਟਾ ਸਕਦੀ।

ਜੈਸੇ ਓਸੁ ਪਰਤ ਕਰਤ ਹੈ ਸਜਲ ਦੇਹੀ ਰਾਖੀਐ ਚਿਰੰਕਾਲ ਨ ਠਉਰ ਠਹਰਾਤਿ ਹੈ ।

ਜਿਸ ਤਰ੍ਹਾਂ ਤ੍ਰੇਲ ਪੈਂਦੀ ਹੈ; ਤਾਂ ਉਹ ਸ਼ਰੀਰ ਨੂੰ ਸਜਲ ਭਿੰਨਾ ਭਿੰਨਾ ਗਿੱਲਾ ਬਣ ਦਿੰਦੀ ਹੈ; ਪਰ ਜੇ ਓਸ ਗਿੱਲ ਨੂੰ ਸੀਤਲਤਾ ਦਾ ਕਾਰਣ ਜਾਣ ਕੇ ਸੰਭਾਲ ਰਖਣਾ ਚਾਹੀਏ ਤਾਂ ਚਿਰਕਾਲ ਤਕ ਰਖੀ ਨਹੀਂ ਰਹਿ ਸਕ੍ਯਾ ਕਰਦੀ ਤੇ ਨਾ ਹੀ ਇਕ ਟਿਕਾਣੇ ਟਿਕੀ ਹੀ ਰਹਿ ਸਕ੍ਯਾ ਕਰਦੀ ਹੈ।

ਤੈਸੇ ਆਨ ਦੇਵ ਸੇਵ ਤ੍ਰਿਬਿਧਿ ਚਪਲ ਫਲ ਸਤਿਗੁਰ ਅੰਮ੍ਰਿਤ ਪ੍ਰਵਾਹ ਨਿਸ ਪ੍ਰਾਤ ਹੈ ।੪੪੬।

ਤਿਸੀ ਪ੍ਰਕਾਰ ਮਨ ਬਾਣੀ ਸਰੀਰ ਮਾਤ੍ਰ ਕਰ ਕੇ ਹੀ ਹੋਰ ਦੇਵ ਸੇਵਨ ਦਾ ਫਲ ਸੰਸਾਰੀ ਹੋਣ ਕਰ ਕੇ ਚਪਲ ਰੂਪ ਅਰਥਾਤ ਚਲਾਯਮਾਨ ਨਾਸਵੰਤ ਹੈ; ਕੇਵਲ ਓਸੇ ਪਾਸੇ ਦੁੱਖ ਹੀ ਦੁੱਖ ਦਿਖਾਵੇ ਦਾ ਪਾਜ ਹੈ। ਇਹ ਕੇਵਲ ਸਤਿਗੁਰਾਂ ਦੀ ਹੀ ਸਫਲ ਸੇਵਾ ਹੈ ਜਿਸ ਦੇ ਪ੍ਰਭਾਵ ਕਰ ਕੇ ਨਿੱਤ ਹੀ ਸਦੀਵ ਕਾਲ ਅੰਮ੍ਰਿਤ ਦਾ ਪ੍ਰਵਾਹ ਪ੍ਰਾਤ ਪ੍ਰਾਪਤ ਹੁੰਦਾ ਜਾਰੀ ਰਹਿੰਦਾ ਹੈ ॥੪੪੬॥