ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 281


ਚਰਨ ਸਰਨਿ ਗੁਰ ਧਾਵਤ ਬਰਜਿ ਰਾਖੈ ਨਿਹਚਲ ਚਿਤ ਸੁਖ ਸਹਜਿ ਨਿਵਾਸ ਹੈ ।

ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਲੈਣ ਕਰ ਕੇ ਦੌੜਦਿਆਂ ਹੋਈਆਂ ਇੰਦ੍ਰੀਆਂ ਨੂੰ ਵਿਖ੍ਯਾਂ ਵੱਲੋਂ ਰੋਕੀ ਰਖਦਾ ਹੈ, ਤੇ ਚਿੱਤ ਭੀ ਉਸ ਦਾ ਨਿਚੱਲਾ ਹੋ ਕੇ ਚਿਤਵਨੀਆਂ ਦਲੀਲਾਂ ਨੂੰ ਤ੍ਯਾਗ ਕੇ ਸਹਿਜ ਸੁਖ ਆਤਮ ਸੁਖ ਆਪੇ ਦੇ ਆਨੰਦ ਵਿਚ ਇਸਥਿਤ ਹੋ ਜਾਂਦਾ ਹੈ।

ਜੀਵਨ ਕੀ ਆਸਾ ਅਰੁ ਮਰਨ ਕੀ ਚਿੰਤਾ ਮਿਟੀ ਜੀਵਨ ਮੁਕਤਿ ਗੁਰਮਤਿ ਕੋ ਪ੍ਰਗਾਸ ਹੈ ।

ਜੀਊਨੇ ਦੀ ਆਸਾ ਉਮੇਦ ਅਤੇ ਮਰਣ ਦੀ ਚਿੰਤਾ ਫਿਕਰ ਦੂਰ ਹੋ ਜਾਂਦਾ ਹੈ,ਤੇ ਇਸੇ ਬੇ ਪ੍ਰਵਾਹੀ ਕਰ ਕੇ ਓਸ ਵਾਹਿਗੁਰੂ ਦੀ ਰਜ਼ਾ ਅਰੁ ਭਾਣੇ ਉਪਰ ਸ਼ਾਕਰ ਰਹਿਣ ਰੂਪ ਗੁਰਮਤਿ ਓਸ ਦੇ ਰਿਦੇ ਅੰਦਰ ਪ੍ਰਗਾਸ ਪਾ ਪ੍ਰਗਟ ਹੋ ਔਂਦੀ ਹੈ ਜਿਸ ਕਰ ਕੇ ਉਹ ਜੀਵਨ ਮੁਕ੍ਤ ਭਾਵ ਨੂੰ ਪ੍ਰਾਪਤ ਹੋ ਜਾਂਦਾ ਹੈ।

ਆਪਾ ਖੋਇ ਹੋਨਹਾਰੁ ਹੋਇ ਸੋਈ ਭਲੋ ਮਾਨੈ ਸੇਵਾ ਸਰਬਾਤਮ ਕੈ ਦਾਸਨ ਕੋ ਦਾਸ ਹੈ ।

ਜੋ ਕੁਛ ਹੋਇ ਸੋ ਹੋਣਹਾਰ = ਵਾਹਿਗੁਰੂ ਦੀ ਰਜ਼ਾ ਹੀ ਵਰਤ ਰਹੀ ਹੈ ਐਸਾ ਸਮਝ ਕੇ ਉਸੇ ਨੂੰ ਹੀ ਭਲਾ ਮੰਨਦਾ ਹੈ, ਆਪਣੇ ਅੰਦਰ ਵ੍ਯੋਂਤਾਂ ਵ੍ਯੋਂਤਨੀਆਂ ਯਾ ਓਸ ਦੀ ਬਾਬਤ ਸੋਚਾਂ ਚਿਤਵਨੀਆਂ ਕਰਨੀਆਂ ਛੱਡ ਕੇ ਇਉਂ ਅਪਣੇ ਆਪੇ ਨੂੰ ਗੁਵਾ ਘੱਤਦਾ ਹੈ, ਅਰੁ ਸਰਬਾਤਮ ਸਰਬ ਸਰੂਪੀ ਸਭਨਾਂ ਅੰਦਰ ਵਾਹਿਗੁਰੂ ਹੀ ਸਭ ਦਾ ਆਪਾ ਰੂਪ ਹੋਇਆ ਮੰਨਦਾ ਸਭ ਦੀ ਸੇਵਾ ਟਹਿਲ = ਪ੍ਰਸੰਨ ਰਖਣ ਦੀ ਬਿਧ ਵਾਲੀ ਵਰਤੋਂ ਨੂੰ ਕਰਦਾ ਹੋਇਆ, ਦਾਸਾਂ ਦੇ ਦਾਸ ਭਾਵ ਵਾਲੀ ਅਤ੍ਯੰਤ ਗ੍ਰੀਬੀ ਨੂੰ ਧਾਰੀ ਰਹਿੰਦਾ ਹੈ।

ਸ੍ਰੀ ਗੁਰ ਦਰਸ ਸਬਦ ਬ੍ਰਹਮ ਗਿਆਨ ਧਿਆਨ ਪੂਰਨ ਸਰਬਮਈ ਬ੍ਰਹਮ ਬਿਸ੍ਵਾਸ ਹੈ ।੨੮੧।

ਸ੍ਰੀ ਗੁਰੂ ਮਹਾਰਾਜ ਦੇ ਪ੍ਰਤੱਖ ਦਰਸ਼ਨ ਨੂੰ, ਤਥਾ ਅੰਤਰ ਆਤਮੇ ਵਿਖੇ ਲਟ ਲਟ ਕਰ ਰਹੀ ਓਨਾਂ ਦੀ ਨਿਜ ਰੂਪ ਜੋਤ ਨੂੰ ਤੱਕਦੇ ਰਹਿਣਾ, ਓਸ ਦਾ ਬ੍ਰਹਮ ਧਿਆਨ ਹੁੰਦਾ ਹੈ, ਅਰੁ ਗੁਰੂ ਮਹਾਰਾਜ ਦਿਆਂ ਸ਼ਬਦ ਰੂਪ ਗੁਰਬਾਣੀ ਮਈ ਬਚਨ ਬਿਲਾਸ ਨੂੰ ਸਾਮਰਤੱਖ ਸੁਣਦੇ ਰਹਿਣਾ ਵਾ ਅੰਤਰ ਮੁਖ ਅਵਸਥਾ ਵਿਖੇ ਸ਼ਬਦ ਅਭ੍ਯਾਸ ਵਿਖੇ ਤਾਰ ਲਾਈ ਰਖਣਾ, ਅਥਵਾ ਅਨਹਦ ਧੁਨੀ ਦਾ ਪਰਚਾ ਰਖਣਾ ਇਹ ਓਸ ਦਾ ਬ੍ਰਹਮ ਗਿਆਨ ਹੁੰਦਾ ਹੈ, ਇਸ ਪ੍ਰਕਾਰ ਅੰਦਰ ਬਾਹਰ ਸਰਬ ਸਰੂਪੀ ਪੂਰਨ ਰਮਿਆ ਹੋਇਆ ਸਤਿਗੁਰੂ ਨੂੰ ਜਾਨਣਾ ਉਸ ਦਾ ਬ੍ਰਹਮ ਬਿਸ੍ਵਾਸ ਬ੍ਰਹਮ ਸਰੂਪੀ ਨਿਸਚਾ ਹੁੰਦਾ ਹੈ ॥੨੮੧॥


Flag Counter