ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 488


ਨਿਸ ਦੁਰਿਮਤਿ ਹੁਇ ਅਧਰਮੁ ਕਰਮੁ ਹੇਤੁ ਗੁਰਮਤਿ ਬਾਸੁਰ ਸੁ ਧਰਮ ਕਰਮ ਹੈ ।

ਰਾਤ ਸਮੇਂ ਦੁਰਮਤੀ ਕਾਰਣ ਅਧਰਮ ਕਰਮ ਹੇਤੁ ਪਾਪ ਕਰਮਾਂ ਨਾਲ ਪ੍ਯਾਰ ਹੁੰਦਾ ਹੈ, ਤੇ ਦਿਨ ਵੇਲੇ ਗੁਰਮਤਿ ਦੇ ਪ੍ਰਭਾਵ ਕਰ ਕੇ ਪੁੰਨ ਕਰਮ ਪਵਿਤ੍ਰ ਆਚਾਰ ਨਾਲ।

ਦਿਨਕਰਿ ਜੋਤਿ ਕੇ ਉਦੋਤ ਸਭ ਕਿਛ ਸੂਝੈ ਨਿਸ ਅੰਧਿਆਰੀ ਭੂਲੇ ਭ੍ਰਮਤ ਭਰਮ ਹੈ ।

ਸੂਜਰ ਦੀ ਜੋਤ ਪ੍ਰਕਾਸ਼ ਉਦੇ ਹੁੰਦੇ ਸਾਰ ਸਭ ਕਿਛੁ ਸੁਝਨ ਲਗ ਪੈਂਦਾ ਹੈ ਅਤੇ ਰਾਤ ਹਨੇਰੀ ਵਿਖੇ ਭਰਮ ਵਿਚ ਭਟਕਦਾ ਹੋਯਾ ਭੁੱਲਿਆ ਹੀ ਰਹਿੰਦਾ ਹੈ।

ਗੁਰਮੁਖਿ ਸੁਖਫਲ ਦਿਬਿ ਦੇਹ ਦ੍ਰਿਸਟਿ ਹੁਇ ਆਨ ਦੇਵ ਸੇਵਕ ਹੁਇ ਦ੍ਰਿਸਟਿ ਚਰਮ ਹੈ ।

ਗੁਰਮੁਖਾਂ ਨੂੰ ਸੁਖ ਫਲ ਦੇਣ ਹਾਰੀ ਦਿਬ ਦੇਹ ਤੇ ਦਿਬ ਦ੍ਰਿਸ਼ਟੀ ਪ੍ਰਾਪਤ ਹੋਇਆ ਕਰਦੀ ਹੈ ਤੇ ਆਨ ਦੇਵ ਸੇਵਕਾਂ ਦੀ ਦ੍ਰਿਸ਼ਟੀ ਚੰਮ ਉਪਰ ਹੀ ਰਿਹਾ ਕਰਦੀ ਹੈ। ਭਾਵ ਇਹ ਲੋਕ ਸੂਥਲ ਦ੍ਰਿਸ਼ਟੀ ਵਿਚ ਹੀ ਫੱਥੇ ਰਹਿੰਦੇ ਹਨ।

ਸੰਸਾਰੀ ਸੰਸਾਰੀ ਸੌਗਿ ਅੰਧ ਅੰਧ ਕੰਧ ਲਾਗੈ ਗੁਰਮੁਖਿ ਸੰਧ ਪਰਮਾਰਥ ਮਰਮੁ ਹੈ ।੪੮੮।

ਆਨ ਦੇਵ ਸੇਵਕ ਸੰਸਾਰੀ ਲੋਗ ਅੰਨੀਆਂ ਕੰਧਾਂ ਸਮਾਨ ਖੋਲਿਆਂ ਜੜ੍ਹਤਾ ਪ੍ਰਾਇਣ ਸੰਸਾਰੀਆਂ ਲੋਕਾਂ ਨਾਲ ਹੀ ਚੰਬੜੇ ਰਿਹਾ ਕਰਦੇ ਹਨ ਪਰ ਗੁਰਮੁਖ ਲੋਕਾਂ ਦੀ ਸੰਧੀ ਜੋੜ ਪਰਮਾਰਥੀ ਮਰਮ ਵਾਲੇ ਟਿਕਾਣੇ ਭਾਵ ਸਾਧ ਸੰਗਤ ਵਿਖੇ ਹੋਇਆ ਕਰਦਾ ਹੈ ॥੪੮੮॥


Flag Counter