ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 215


ਸਤਿ ਬਿਨੁ ਸੰਜਮੁ ਨ ਪਤਿ ਬਿਨੁ ਪੂਜਾ ਹੋਇ ਸਚ ਬਿਨੁ ਸੋਚ ਨ ਜਨੇਊ ਜਤ ਹੀਨ ਹੈ ।

ਤਾਂ ਤੇ ਜਿਸ ਪ੍ਰਕਾਰ ਬਿਨਾਂ ਸੰਜਮ ਧਾਰੇ ਸਾਧੇ ਦੇ ਸਤਿ ਪ੍ਰਤਿਗ੍ਯਾ ਵਾ ਧਰਮ ਦੀ ਪਾਲਨਾ ਨਹੀਂ ਹੋ ਸਕਦੀ, ਤੇ ਬਿਨਾਂ ਪੂਜਾ ਸਤਿਕਾਰ ਦੇ ਪਤਿ ਪ੍ਰਤਿਸ਼ਟਾ ਆਬਰੋ ਨਹੀਂ ਰਹਿ ਸਕਿਆ ਕਰਦੀ। ਤਥਾ ਬਿਨਾਂ ਸੋਚ ਸੁੱਚਤਾ ਦੇ ਸਚੁ ਨਹੀਂ ਨਿਬਾਹਿਆ ਜਾ ਸਕਦਾ, ਅਰੁ ਜਤ ਬ੍ਰਹਮ ਚਰਯ ਸਾਧੇ ਬਿਨਾਂ ਜਨੇਊ ਕਿਸੇ ਕੰਮ ਨਹੀਂ।

ਬਿਨੁ ਗੁਰ ਦੀਖਿਆ ਗਿਆਨ ਬਿਨੁ ਦਰਸਨ ਧਿਆਨ ਭਾਉ ਬਿਨੁ ਭਗਤਿ ਨ ਕਥਨੀ ਭੈ ਭੀਨ ਹੈ ।

ਇਸੀ ਪ੍ਰਕਾਰ ਬਿਧੀ ਪੂਰਬਕ ਗੁਰ ਉਪਦੇਸ਼ ਰੂਪ ਗੁਰ ਦੀਖ੍ਯਾ ਧਾਰੇ ਬਿਨਾਂ ਕਿਸੇ ਨੂੰ ਗਿਆਨ ਵਾਹਿਗੁਰੂ ਦਾ ਨਹੀਂ ਹੋ ਸਕਦਾ, ਅਤੇ ਦਰਸ ਵਸਤੂ ਤਤ੍ਵ ਪਦਾਰਥ ਦੇਖੇ ਬਿਨਾਂ ਧਿਆਨ ਨਹੀਂ ਬੱਝ ਸਕਦਾ। ਐਸਾ ਹੀ ਭਉ ਭਾਵਨਾ ਭੌਣੀ ਵਾ ਸ਼ਰਧਾ ਜਦ ਤਕ ਨਾ ਪ੍ਰਗਟ ਹੋ ਆਵੇ ਭਗਤਿ ਗੁਰੂ ਪਰਮਾਤਮਾ ਦੇ ਪਿਆਰ ਵਾ ਭਜਨ ਦੀ ਲਗਨ ਨਹੀਂ ਉਤਪੰਨ ਹੋ ਸਕਦੀ। ਅਰੁ ਇਉਂ ਹੋਵੇ ਤਾਂ ਕਿਡਾ ਹੀ ਚਾਹੇ ਕੋਈ ਚਤੁਰਾ ਹੋਵੇ, ਪਰ ਓਸ ਦੀ ਕਥਨੀ ਭੈ ਭਿੰਨੀ ਭੈ ਸੰਜੁਗਤ ਨਹੀਂ ਹੋ ਸਕਦੀ। ਭਾਵ ਐਸੇ ਪੁਰਖ ਦੀ ਜਿਸ ਦੇ ਗੁਰ ਦੀਖ੍ਯਾ ਹੀਨ ਹੋਣ ਕਰ ਕੇ ਗਿਆਨ ਨਹੀਂ ਤੇ ਦਰਸ਼ਨ ਬਿਨਾਂ ਹੋਣ ਕਰ ਕੇ ਜੋ ਧਿਆਨ ਤੋਂ ਬੰਚਿਤ ਤਥਾ ਸਰਧਾ ਭਗਤੀ ਬਿਨਾਂ ਹੈ, ਉਹ ਹਜਾਰਾਂ ਕਥਨੀਆਂ ਕਰਦਾ ਫਿਰੇ ਓਸ ਪਾਸੋਂ ਕਿਸੇ ਦੇ ਹਿਰਦੇ ਅੰਦਰ ਯਾ ਉਸ ਦੇ ਅੰਦਰ ਹੀ ਵਾਹਿਗੁਰੂ ਦਾ ਭਯ ਨਹੀਂ ਉਪਜ ਸਕਦਾ। ਜੀਕੂੰ ਕਿ:

ਸਾਂਤਿ ਨ ਸੰਤੋਖ ਬਿਨੁ ਸੁਖੁ ਨ ਸਹਜ ਬਿਨੁ ਸਬਦ ਸੁਰਤਿ ਬਿਨੁ ਪ੍ਰੇਮ ਨ ਪ੍ਰਬੀਨ ਹੈ ।

ਬਿਨਾਂ ਸੰਤੋਖ ਦੇ ਸਾਂਤ ਰੱਜ ਤੇ ਸਹਿਜ ਭਾਵ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤੀਕੂੰ ਹੀ ਸੁਰਤੀ ਦੇ ਸ਼ਬਦ ਗੁਰ ਉਪਦੇਸ਼ ਵਿਖੇ ਪਰਚੇ ਬਿਨਾਂ ਪ੍ਰੇਮ ਭੀ ਨਹੀਂ ਪ੍ਰ+ਬੀਨ ਭਲੀ ਪ੍ਰਕਾਰ ਦੇਖਣ ਵਿਚ ਆ ਸਕਦਾ। ਵਾ ਪ੍ਰੇਮ ਵਿਖੇ ਨਿਪੁਣ ਸਿਆਨਾ ਨਹੀਂ ਕੋਈ ਹੋ ਸਕਦਾ।

ਬ੍ਰਹਮ ਬਿਬੇਕ ਬਿਨੁ ਹਿਰਦੈ ਨ ਏਕ ਟੇਕ ਬਿਨੁ ਸਾਧਸੰਗਤ ਨ ਰੰਗ ਲਿਵ ਲੀਨ ਹੈ ।੨੧੫।

ਸਿਧਾਂਤ ਕੀਹ ਕਿ ਬਿਨਾਂ ਬ੍ਰਹਮ ਬੀਚਾਰ ਵ ਗਿਆਨ ਦੇ ਹਿਰਦੇ ਅੰਦਰ ਇਕ ਮਾਤ੍ਰ ਟਿਕਾਉ ਸਥਿਰਤਾ ਕਦੀ ਨਹੀਂ ਪ੍ਰਾਪਤ ਹੋ ਸਕੂ ਤੇ ਬ੍ਰਹਮ ਬਿਚਾਰ ਦੇ ਰੰਗ ਵਿਚ ਸਾਧ ਸੰਗਤਿ ਗੁਰੂ ਕੀ ਸੰਗਤ ਬਿਨਾਂ ਕਿਸੇ ਨੇ ਕਦਾਚਿਤ ਲਿਵਲੀਨ ਨਹੀਂ ਹੋ ਸਕਨਾ ਤਾਤੇ ਅਵਸ਼੍ਯ ਹੀ ਸਤਿਗੁਰਾਂ ਦੀ ਸੰਗਤ ਵਿਚ ਪੁਜ ਕੇ ਮਨੁੱਖ ਅਪਣੇ ਆਪ ਨੂੰ ਦੀਖ੍ਯਤ ਬਣਾਵੇ ॥੨੧੫॥


Flag Counter