ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 336


ਬਾਂਸਨਾ ਕੋ ਬਾਸੁ ਦੂਤ ਸੰਗਤਿ ਬਿਨਾਸ ਕਾਲ ਚਰਨ ਕਮਲ ਗੁਰ ਏਕ ਟੇਕ ਪਾਈ ਹੈ ।

ਜਿਸ ਦਿਨ ਤੋਂ ਗੁਰਮੁਖ ਨੂੰ ਸਤਿਗੁਰਾਂ ਦੇ ਚਰਣ ਕਮਲਾਂ ਦੀ ਇਕ ਮਾਤ੍ਰ ਟੇਕ ਪ੍ਰਾਪਤੀ ਹੋਈ ਹੈ, ਓਦੋਂ ਤੋਂ ਹੀ ਕੁ+ਬਾਸ = ਕੁਬਾਸ ਰੂਪ ਭੈੜੀ ਬਾਸਨਾ ਵਾ ਵਾਸਨਾ ਦੇ ਅਧੀਨ ਵੱਸਨਾ, ਅਥਵਾ ਵਾਸਨਾ ਵਿਚ ਵੱਸਨਾ ਜੀਵਨ ਗੁਜ਼ਾਰਨਾ, ਦੁਸ਼ਟਾਂ ਦੀ ਸੰਗਤਿ, ਤਥਾ ਕਾਲ ਸਗਨ ਅਪਸਗਨ, ਦਿਸ਼ਾ ਸੂਲ ਆਦਿ ਦੀ ਤੱਕ ਤੱਕਣੀ ਬਿਨਾਸ ਨਾਸ ਹੋ ਗਈ ਦੂਰ ਹੋ ਜਾਂਦੀ ਹੈ।

ਭੈਜਲ ਭਇਆਨਕ ਲਹਰਿ ਨ ਬਿਆਪਿ ਸਕੈ ਨਿਜ ਘਰ ਸੰਪਟ ਕੈ ਦੁਬਿਧਾ ਮਿਟਾਈ ਹੈ ।

ਭੈ ਹੀ ਹੈ ਜਲ ਜਿਸ ਵਿਖੇ ਐਸਾ ਸੰਸਾਰ ਸਾਗਰ ਜੋ ਅਤ੍ਯੰਤ ਡਰੌਣਾ ਹੈ ਹਰਦਮ ਪੈਰ ਪੈਰ ਉਪਰ ਜਿਸ ਵਿਖੇ ਡਰ ਸੰਸੇ ਤੇ ਤੌਖਲੇ ਹੀ ਵਾਪਰਦੇ ਰਹਿੰਦੇ ਹਨ ਓਸ ਦੀਆਂ ਲਹਰਾਂ ਆਸਾ ਤ੍ਰਿਸ਼ਨਾ ਆਦਿਕ, ਓਸ ਨੂੰ ਨਹੀਂ ਵਾਪਰ ਸਕਦੀਆਂ ਤੇ ਆਤਮੇ ਦੇ ਸਥਾਨ ਰੂਪ ਨਿਜ ਘਰ ਵਿਖੇ ਸੰਪੁਟ ਕੈ ਲਿਵ ਲੀਨ ਹੋਣ ਕਰ ਕੇ ਦੁਬਿਧਾ ਦੁਚਿਤਾਈ ਭੀ ਓਸ ਦੀ ਦੂਰ ਹੋਈ ਰਹਿੰਦੀ ਹੈ।

ਆਨ ਗਿਆਨ ਧਿਆਨ ਸਿਮਰਨ ਸਿਮਰਨ ਕੈ ਪ੍ਰੇਮ ਰਸ ਬਸਿ ਆਸਾ ਮਨਸਾ ਨ ਪਾਈ ਹੈ ।

ਪ੍ਰਮਾਰਥ ਗਿਆਨ ਬਾਝੋਂ ਹੋਰ ਗਿਆਨ ਜਾਣਕਾਰੀਆਂ ਸ੍ਯਾਣਪਾਂ, ਤਥਾ ਧਿਆਨ ਦੇਵੀ ਦੇਵਤੇ ਅਰਾਧਨੇ ਵਾ ਐਸੇ ਹੀ ਸਿਧਾਂ ਭੂਤਾਂ ਤਥਾ ਬੀਰ ਆਰਾਧਨ ਆਦਿ ਦੀਆਂ ਤਾਂਘਾਂ ਅਤੇ ਨਾਮ ਤੋਂ ਛੁੱਟ ਹੋਰ ਹੋਰ ਜਪ ਮੰਤ੍ਰ ਆਦਿਕਾਂ ਦੇ ਸਿਮਰਨ ਨੂੰ ਬਿਸਿਮਰਨ ਕੈ ਭੁੱਲ ਹੀ ਜਾਂਦਾ ਹੈ, ਤੇ ਪ੍ਰੇਮ ਰਸ ਦੇ ਵੱਸ ਹੋਏ ਓਸ ਦੇ ਅੰਦਰ ਆਸਾ ਸੰਸਾਰਕ ਪਦਾਰਥਾਂ ਦੀਆਂ ਉਮੇਦਾਂ ਅਰੁ ਮਨਸਾ ਐਸੀਆਂ ਵਸਤੂਆਂ ਦਾ ਮਨੋਰਥ ਵਾ ਕਾਮਨਾ ਨ ਪਾਈ ਹੈ, ਲੱਭੀਦੇ ਭੀ ਨਹੀਂ ਲੱਭਦੇ ਹਨ।

ਦੁਤੀਆ ਨਾਸਤਿ ਏਕ ਟੇਕ ਨਿਹਚਲ ਮਤਿ ਸਹਜ ਸਮਾਧਿ ਉਨਮਨ ਲਿਵ ਲਾਈ ਹੈ ।੩੩੬।

ਦੂਜੀ ਗੱਲ ਦ੍ਵੈਤਾ ਭਾਵ ਦੀ ਨਾਸਤਿ ਨਮੋ ਨਾਸਤੀ ਵਰਤ ਜਾਂਦੀ ਹੈ, ਤੇ ਇਕ ਅਦ੍ਵੈਤ ਬ੍ਰਹਮ ਭਾਵ ਦੀ ਟੇਕ ਸਹਾਰੇ ਨਿਸਚੇ ਕਾਰਣ ਮਤਿ ਓਸ ਦੀ ਮਨੋ ਬਿਰਤੀ ਅਚੱਲ ਹੋਈ, ਉਨਮਨੀ ਦਸ਼ਾ ਵਿਖੇ ਲਿਵ ਲਗਾ ਕੇ ਸਹਜੇ ਹੀ ਇਸਥਿਤ ਹੋਈ ਰਹਿੰਦੀ ਹੈ ॥੩੩੬॥