ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 434


ਆਵਤ ਹੈ ਜਾ ਕੈ ਭੀਖ ਮਾਗਨਿ ਭਿਖਾਰੀ ਦੀਨ ਦੇਖਤ ਅਧੀਨਹਿ ਨਿਰਾਸੋ ਨ ਬਿਡਾਰ ਹੈ ।

ਜਿਸ ਕਿਸੇ ਦੇ ਪਾਸ ਦੀਨ ਗ੍ਰੀਬ ਭਿਖਾਰੀ ਭਿਖਿਆ ਮੰਗਣ ਲਈ ਔਂਦਾ ਹੈ; ਤਾਂ ਉਸ ਦੀ ਅਧੀਨਗੀ ਨੂੰ ਦੇਖ ਕੇ ਉਹ ਓਸ ਨੂੰ ਨਿਰਾਸ ਨਹੀਂ ਮੋੜਿਆ ਕਰਦਾ।

ਬੈਠਤ ਹੈ ਜਾ ਕੈ ਦੁਆਰ ਆਸਾ ਕੈ ਬਿਡਾਰ ਸ੍ਵਾਨ ਅੰਤ ਕਰੁਨਾ ਕੈ ਤੋਰਿ ਟੂਕਿ ਤਾਹਿ ਡਾਰਿ ਹੈ ।

ਜਿਸ ਦੇ ਦੁਆਰੇ ਹੋਰਨਾਂ ਆਸਾਂ ਨੂੰ ਤ੍ਯਾਗ ਕੇ ਕੁੱਤਾ ਬੈਠ ਜਾਵੇ ਓੜਕ ਨੂੰ ਦਯਾ ਕਰ ਕੇ ਉਹ ਟੁਕੜਾ ਤੋੜ ਕੇ ਓਸ ਨੂੰ ਪਾ ਹੀ ਦਿਆ ਕਰਦਾ ਹੈ।

ਪਾਇਨ ਕੀ ਪਨਹੀ ਰਹਤ ਪਰਹਰੀ ਪਰੀ ਤਾਹੂ ਕਾਹੂ ਕਾਜਿ ਉਠਿ ਚਲਤ ਸਮਾਰਿ ਹੈ ।

ਪੈਰਾਂ ਦੀ ਜੁੱਤੀ ਪਰੇ ਤ੍ਯਾਗੀ ਪਈ ਰਹਿੰਦੀ ਹੈ ਪਰ ਕਿਸੇ ਕਾਰਜ ਲਈ ਉੱਠ ਕੇ ਤੁਰਦਿਆਂ ਹੋਯਾਂ ਤਿਸ ਨੂੰ ਭੀ ਸਭ ਸੰਭਾਲ ਹੀ ਲੈਂਦੇ ਹਨ।

ਛਾਡਿ ਅਹੰਕਾਰ ਛਾਰ ਹੋਇ ਗੁਰ ਮਾਰਗ ਮੈ ਕਬਹੂ ਕੈ ਦਇਆ ਕੈ ਦਇਆਲ ਪਗਿ ਧਾਰਿ ਹੈ ।੪੩੪।

ਤਿਸੀ ਪ੍ਰਕਾਰ ਅਹੰਕਾਰ ਹਉਮੈ ਦੀ ਗਰੂਰੀ ਨੂੰ ਤ੍ਯਾਗ ਕੇ ਜੇਕਰ ਸਤਿਗੁਰਾਂ ਦੇ ਮਾਰਗ ਵਿਖੇ ਧੂਲੀ ਹੋਯਾ ਪਿਆ ਰਹੇ ਤਾਂ ਜ਼ਰੂਰ ਹੀ ਕਦੀ ਕੂ ਉਹ ਭੀ ਦ੍ਯਾਲੂ ਦਇਆ ਕਰ ਕੇ ਚਰਣੀਂ ਪਾ ਹੀ ਲਿਆ ਕਰਦੇ ਹਨ ॥੪੩੪॥