ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 380


ਜੋਈ ਕੁਲਾ ਧਰਮ ਕਰਮ ਕੈ ਸੁਚਾਰ ਚਾਰ ਸੋਈ ਪਰਵਾਰਿ ਬਿਖੈ ਸ੍ਰੇਸਟੁ ਬਖਾਨੀਐ ।

ਜਿਹੜਾ ਕਈ ਕੁਲਾ ਧਰਮ ਨੂੰ ਸੁਚਾਰ ਚਾਰ ਸੁੰਦ੍ਰ ਸ੍ਰੇਸ਼ਟ ਚਾਲਾ ਜਾਣ ਕੇ ਇਸ ਸਬੰਧੀ ਕਰਮ ਕਿਰਤ ਕਮਾਈ ਨੂੰ ਕਰਦਾ ਹੈ ਅਰਥਾਤ ਸ੍ਰੇਸ਼ਟ ਸੁਚਾਲ ਭਲਾ ਕਰਮ ਜਾਣ ਕੇ ਕੰਮ ਕਾਰ ਕਰਦਾ ਵਰਤਦਾ ਹੈ ਓਸੇ ਨੂੰ ਹੀ ਪ੍ਰਵਾਰ ਵਿਖੇ ਸ੍ਰੇਸ਼ਟ ਭਲਾ ਭਲਾ ਆਖ੍ਯਾ ਜਾਂਦਾ ਹੈ।

ਬਨਜੁ ਬਿਉਹਾਰ ਸਾਚੋ ਸਾਹ ਸਨਮੁਖ ਸਦਾ ਸੋਈ ਤਉ ਬਨਉਟਾ ਨਿਹਕਪਟ ਕੈ ਮਾਨੀਐ ।

ਜਿਹੜਾ ਕੋਈ ਸ਼ਾਹ ਦੇ ਸਾਮਨੇ ਸਦੀਵ ਕਾਲ ਸੱਚੇ ਵਣਜ ਵਪਾਰ ਨੂੰ ਕਰਦਾ ਹੈ, ਓਸੇ ਹੀ ਬਨਉਟਾ ਵਣਜੇਟੇ ਸੁਦਾਗਰ ਬੱਚੇ ਨੂੰ ਨਿਰਛਲੀਆ ਵਿਹਾਰ ਦਾ ਸਾਫ ਸੱਚਾ ਕਰ ਕੇ ਮੰਨੀਦਾ ਹੈ।

ਸੁਆਮ ਕਾਮ ਸਾਵਧਾਨ ਮਾਨਤ ਨਰੇਸ ਆਨ ਸੋਈ ਸ੍ਵਾਮਿ ਕਾਰਜੀ ਪ੍ਰਸਿਧਿ ਪਹਿਚਾਨੀਐ ।

ਜਿਹੜਾ ਕੋਈ ਨਰੇਸ ਰਾਜੇ ਦੀ ਆਨ ਈਨ ਨੂੰ ਮੰਨਦਿਆਂ ਹੋਯਾਂ ਸੁਆਮੀ ਮਾਲਿਕ ਦੇ ਕੰਮ ਵਿਚ ਸਾਵਧਾਨ ਰਹਿੰਦਾ ਹੈ, ਓਹੋ ਹੀ ਸ੍ਵਾਮੀ ਦਾ ਪ੍ਰਸਿੱਧ ਕਾਰਜੀ ਨਾਮੀ ਕੰਮ ਕਰਣਹਾਰਾ ਪਛਾਣੀਦਾ ਹੈ, ਭਾਵ ਉਹ ਮਾਲਕ ਦਾ ਸੱਚਾ ਸੇਵਕ ਹੋਣ ਕਰ ਕੇ ਸਭ ਦੀਆਂ ਨਿਗ੍ਹਾਂ ਵਿਚ ਹੀ ਜਚਿਆ ਹੁੰਦਾ ਹੈ।

ਗੁਰ ਉਪਦੇਸ ਪਰਵੇਸ ਰਿਦਿ ਅੰਤਰਿ ਹੈ ਸਬਦ ਸੁਰਤਿ ਸੋਈ ਸਿਖ ਜਗ ਜਾਨੀਐ ।੩੮੦।

ਇਸੇ ਤਰ੍ਹਾਂ ਜਿਸ ਦੇ ਹਿਰਦੇ ਅੰਦਰ ਗੁਰੂ ਮਹਾਰਾਜ ਦੇ ਸ਼ਬਦ ਵਿਖੇ ਸੁਰਤ ਲਗੌਣ ਦੇ ਉਪਦੇਸ਼ ਦਾ ਪ੍ਰਵੇਸ਼ ਹੋ ਜਾਂਦਾ ਹੈ ਓਹੋ ਹੀ ਜਗਤ ਅੰਦਰ ਸਿੱਖ ਜਾਣੀਦਾ ਹੈ ॥੩੮੦॥


Flag Counter