ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 668


ਬਿਰਹ ਦਾਵਾਨਲ ਪ੍ਰਗਟੀ ਨ ਤਨ ਬਨ ਬਿਖੈ ਅਸਨ ਬਸਨ ਤਾ ਮੈ ਘ੍ਰਿਤ ਪਰਜਾਰਿ ਹੈ ।

ਮੇਰੇ ਸਰੀਰ ਰੂਪ ਬਨ ਵਿਚ ਨਿਰੀ ਬਿਰਹੋਂ ਰੂਪੀ ਜੰਗਲ ਦੀ ਅੱਗ ਹੀ ਨਹੀਂ ਪ੍ਰਗਟੀ ਹੈ; ਇਥੇ ਤਾਂ ਭੋਜਨ ਤੇ ਬਸਤ੍ਰ ਉਸ ਦੇ ਭਾਂਬੜ ਮਚਾਉਣ ਲਈ ਘਿਉ ਬਣ ਕੇ ਪੈ ਰਹੇ ਹਨ।

ਪ੍ਰਥਮ ਪ੍ਰਕਾਸੇ ਧੂਮ ਅਤਿਹੀ ਦੁਸਹਾ ਦੁਖ ਤਾਹੀ ਤੇ ਗਗਨ ਘਨ ਘਟਾ ਅੰਧਕਾਰ ਹੈ ।

ਪਹਿਲੇ ਇਸਦਾ ਧੂੰਆਂ ਉੱਠਣ ਤੇ ਹੀ ਅਤਿਅੰਤ ਨਾ ਸਹਾਰੇ ਜਾਣ ਵਾਲਾ ਦੁਖ ਸੀ; ਹੁਣ ਉਸੇ ਤੋਂ ਅਕਾਸ਼ ਵਿਚ ਬੱਦਲਾਂ ਦੀਆਂ ਘਟਾਂ ਬਣ ਕੇ ਹਨੇਰਾ ਛਾ ਗਿਆ ਹੈ।

ਭਭਕ ਭਭੂਕੋ ਹ੍ਵੈ ਪ੍ਰਕਾਸਯੋ ਹੈ ਅਕਾਸ ਸਸਿ ਤਾਰਕਾ ਮੰਡਲ ਚਿਨਗਾਰੀ ਚਮਕਾਰ ਹੈ ।

ਉਤੋਂ ਅਕਾਸ਼ ਵਿਚ ਬਲਦਾ ਭੰਭਾਕਾ ਹੋ ਕੇ ਚੰਦ੍ਰਮਾ ਪ੍ਰਕਾਸ਼ ਪਿਆ ਹੈ;ਨਾਲ ਤਾਰਿਆਂ ਦਾ ਮੰਡਲ ਭੀ ਚੰਗਿਆੜੀਆਂ ਬਣ ਕੇ ਚਮਕਾਰੇ ਮਾਰਦਾ ਹੈ।

ਕਾ ਸਿਓ ਕਹਉ ਕੈਸੇ ਅੰਤਕਾਲ ਬ੍ਰਿਥਾਵੰਤ ਗਤਿ ਮੋਹਿ ਦੁਖ ਸੋਈ ਸੁਖਦਾਈ ਸੰਸਾਰ ਹੈ ।੬੬੮।

ਕਿਸਨੂੰ ਤੇ ਕਿਵੇਂ ਆਖਾਂ? ਕਿਉਂਕਿ ਮੇਰੀ ਦਸ਼ਾ ਤਾਂ ਰੋਗੀ ਦੇ ਅੰਤ ਸਮੇਂ ਵਰਗੀ ਹੈ; ਮੈਨੂੰ ਉਸੇ ਤਰ੍ਹਾਂ ਦਾ ਦੁਖ ਬਿਰਹ ਵਿਚ ਹੋ ਰਿਹਾ ਹੈ। ਤੁਸੀਂ ਹੀ ਦੱਸੋ ਕਿ ਇਹ ਸੰਸਾਰ ਸੁਖਦਾਈ ਹੈ? ਭਾਵ ਨਹੀਂ ਹੈ ॥੬੬੮॥