ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 182


ਗੁਰਮੁਖਿ ਸੁਖਫਲ ਚਾਖਤ ਉਲਟੀ ਭਈ ਜੋਨਿ ਕੈ ਅਜੋਨਿ ਭਏ ਕੁਲ ਅਕੁਲੀਨ ਹੈ ।

ਗੁਰਮੁਖਾਂ ਵਾਲੇ ਸੁਖਫਲ ਨੂੰ ਅਥਵਾ ਗੁਰਮੁਖਤਾ ਵਾਲੇ ਸੁਖਫਲ ਦੀ ਮੂਲ ਕਾਰਣ ਉਕਤ ਚਰਣ ਰਜ ਨੂੰ ਚੱਖਦੇ ਰਸਨਾ ਉਪਰ ਧਰਦੇ ਸਾਰ ਪੁਰਖ ਦੀ ਦਸ਼ਾ ਵਾ ਸੁਰਤ ਉਲਟੀ ਹੋ ਜਾਯਾ ਕਰਦੀ ਹੈ। ਤੇ ਜੋਨ ਵਲੋਂ ਜਿਸ ਮਾਤਾ ਦੇ ਪੇਟੋਂ ਪੈਦਾ ਹੋਯਾ ਹੁੰਦਾ ਹੈ ਉਸ ਮਾਤਰਿਕ ਗੋਤ ਦੇ ਅਭਿਮਾਨ ਤੋਂ ਅਜੋਨਿ ਜੋ ਜਾਂਦਾ ਹੈ, ਅਰਥਾਤ ਬਿੰਦੀ ਭਾਵੋਂ ਗੁਰੂ ਕਾ ਪੁਤ੍ਰ ਹੋ ਜਾਣ ਕਾਰਣ ਨਾਦੀ ਪੁਤ੍ਰ ਸਿੱਖ ਬਣ ਜਾਯਾ ਕਰਦਾ ਹੈ, ਅਤੇ ਕੁਲ ਪਿਤਾ ਦੇ ਬੰਸ ਵੱਲੋਂ ਭੀ ਅਕੁਲੀਨ ਬੰਸ ਦੇ ਅਧ੍ਯਾਸ ਤੋਂ ਰਹਿਤ ਹੋ ਜਾਯਾ ਕਰਦਾ ਹੈ।

ਜੰਤਨ ਤੇ ਸੰਤ ਅਉ ਬਿਨਾਸੀ ਅਬਿਨਾਸੀ ਭਏ ਅਧਮ ਅਸਾਧ ਭਏ ਸਾਧ ਪਰਬੀਨ ਹੈ ।

ਤੁੱਛ ਵਾਸਨਾ ਅਧੀਨ ਵਰਤਨ ਵਾਲੇ ਛੁਦ੍ਰ ਨੀਚ ਜੋਨ ਵਰਤੀ ਕੀੜਿਆਂ ਪਤੰਗਿਆਂ ਸਮਾਨ ਜੀਵਾਂ ਤੋਂ ਸੰਤ ਸ਼ਾਂਤ ਆਤਮਾ ਮਹਾਨ ਪੁਰਖ, ਅਰੁ ਨਾਸ਼ ਹੋਣ ਵਾਲੀ ਪ੍ਰਵਿਰਤੀ ਵਿਚੋਂ ਨਿਕਲ ਅਟੱਲ ਪਦਵੀ ਸਤ੍ਯ ਪਦ ਦੇ ਬਾਸੀ ਅਮਰੇ ਹੋ ਜਾਈਦਾ ਹੈ। ਅਧਮ ਨੀਚੋਂ ਤਥਾ ਅਸਾਧ ਭੈੜੇ ਪੁਰਖੋਂ ਸਾਧ ਭਲੇ ਉਤਮ ਦੂਰ ਧਿਆਨੀਏ ਪਾਰ ਦਰਸ਼ੀ ਬਣ ਜਾਂਦੇ ਹਨ।

ਲਾਲਚੀ ਲਲੂਜਨ ਤੇ ਪਾਵਨ ਕੈ ਪੂਜ ਕੀਨੇ ਅੰਜਨ ਜਗਤ ਮੈ ਨਿਰੰਜਨਈ ਦੀਨ ਹੈ ।

ਲਲੂ ਲਲਾ ਸ਼ਬਦ ਪੂਰਬੀ ਭਾਸ਼ਾ ਵਿਚ ਬੱਚੇ ਦੇ ਵਾਚਕ ਸ਼ਬਦ ਤੋਂ ਬਣ੍ਯਾ ਹੋਯਾ ਹੈ। ਜੀਕੂੰ ਬੱਚਾ ਅਯਾਣਾ ਬਾਲ ਹਰ ਇਕ ਵਸਤੂ ਨੂੰ ਹੀ ਫੜ ਮੂੰਹ ਵਿਚ ਪੌਣ ਦਾ ਸੁਭਾਵਿਕ ਬ੍ਯਸਨੀ ਹੁੰਦਾ ਹੈ, ਓਹੋ ਜੇਹੇ ਹੀ ਸੰਸਾਰੀ ਪਦਰਥਾਂ ਪਿਛੇ ਪਚ ਪਚ ਮਰਣ ਵਾਲੇ ਮੂਰਖ ਲਾਲਚੀ ਜਨ ਆਦਮੀ ਤੋਂ ਕਈਆਂ ਨੂੰ ਇਸ ਉਕਤ ਧੂੜੀ ਨੇ ਪਾਵਨ ਪਵਿਤ੍ਰ ਤੋਂ ਪਵਿਤ੍ਰ ਬਣਾ ਕੇ ਪੂਜਨ ਜੋਗ ਕਰ ਦਿੱਤਾ, ਅਤੇ ਅੰਜਨ ਇਸ ਕਾਲਕ ਕਲੰਕ ਰੂਪ ਜਗਤ ਵਿਚ ਵੱਸਦਿਆਂ ਭੀ ਓਨ੍ਹਾਂ ਨੂੰ ਨਿਰੰਜਨਈ ਨਿਰੰਜਨੀ ਪਦ ਦੀ ਪ੍ਰਾਪਤੀ ਕਰ ਦਿੱਤੀ।

ਕਾਟਿ ਮਾਇਆ ਫਾਸੀ ਗੁਰ ਗ੍ਰਿਹ ਮੈ ਉਦਾਸੀ ਕੀਨੇ ਅਨਭੈ ਅਭਿਆਸੀ ਪ੍ਰਿਆ ਪ੍ਰੇਮ ਰਸ ਭੀਨ ਹੈ ।੧੮੨।

ਐਸਾ ਹੀ ਕੱਟਕੇ ਮਾਯਾ ਦੀ ਫਾਸੀ ਮਾਯਕ ਬੰਧਨ ਮੋਹ ਮਮਤਾ ਦੇ ਗੁਰੂ ਘਰ ਵਿਖੇ ਉਦਾਸੀ ਭਾਵ ਵਾਲੇ ਕਰ ਦਿੱਤਾ, ਅਤੇ ਅਨਭਉ ਦੇ ਅਭ੍ਯਾਸੀ ਹੋਏ ਹੋਏ ਉਹ ਪ੍ਰਿਅ ਪ੍ਰੀਤਮ ਪਰਮਾਤਮਾ ਦੇ ਪ੍ਰੇਮ ਰਸ ਵਿਚ ਭਿੰਨੇ ਰਹਿੰਦੇ ਹਨ ॥੧੮੨॥


Flag Counter