ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 328


ਦਰਸ ਧਿਆਨ ਧਿਆਨੀ ਸਬਦ ਗਿਆਨ ਗਿਆਨੀ ਚਰਨ ਸਰਨਿ ਦ੍ਰਿੜ ਮਾਇਆ ਮੈ ਉਦਾਸੀ ਹੈ ।

ਇਕ ਮਾਤ੍ਰ ਦਰਸ਼ਨ ਦਾ ਧਿਆਨ ਕਰਨ ਵਾਲਾ ਹੀ ਧਿਆਨ ਅਤੇ ਸ਼ਬਦ ਦੇ ਮਰਮ ਦੀ ਬੂਝ ਵਾਲਾ ਗਿਆਨੀ, ਤਥਾ ਚਰਣਾਂ ਦੀ ਸਰਣ ਵਿਖੇ ਰਹਿਣ ਵਾਲਾ ਪੁਰਖ ਮਾਯਾ ਵਿਖੇ ਉਦਾਸੀ ਪ੍ਰਵਾਣਿਆ ਹੈ।

ਹਉਮੈ ਤਿਆਗਿ ਤਿਆਗੀ ਬਿਸਮਾਦ ਕੈ ਬੈਰਾਗੀ ਭਏ ਤ੍ਰਿਗੁਨ ਅਤੀਤਿ ਚੀਤ ਅਨਭੈ ਅਭਿਆਸੀ ਹੈ ।

ਐਸਾ ਹੀ ਹਉਮੈਂ ਦੇਹ ਵਿਚ ਆਪਾ ਅਰੋਪਣ ਵਾਲੀ ਬੁਧੀ = ਦੇਹ ਅਧ੍ਯਾਸ ਨੂੰ ਤ੍ਯਾਗ ਕੇ ਤ੍ਯਾਗੀ ਬਣਦਾ ਹੈ, ਭਾਵ, ਦਰਸ਼ਨ ਦੇ ਪ੍ਰੇਮ ਵਿਚ ਯਾ ਸ਼ਬਦ ਵਿਚ ਮਗਨ ਰਹਣ ਕਰ ਕੇ ਆਪੇ ਦੀ ਸੁਧ ਗੁਵਾ ਬੈਠਨ ਵਾਲਾ ਤ੍ਯਾਗੀ ਪ੍ਰਵਾਣਿਆ ਹੈ, ਤੇ ਅੰਦਰ ਅਸਚਰਜ ਰੂਪ ਚਮਤਕਾਰੀ ਅਵਸਥਾ ਕਾਰਣ ਜੋ ਅਚਰਜਤਾ ਨੂੰ ਪ੍ਰਾਪਤ ਹੋਯਾ ਰਹਿੰਦਾ ਹੈ ਉਹ ਬੈਰਾਗੀ ਕਿਹਾ ਜਾਂਦਾ ਹੈ, ਅਤੇ ਜਾਗ੍ਰਤ ਸੁਪਨ ਸੁਖੋਪਤੀ ਅੰਦਰ ਵਰਤਦੀ ਚਿੱਤ ਬਿਰਤੀ ਨੂੰ ਸਤੋ ਰਜੋ ਤਮੋ ਗੁਣ ਮਈ ਪ੍ਰਵਿਰਤੀ ਵੱਲੋਂ ਰਹਤ ਕਰ ਕੇ ਰੋਕਕੇ, ਇਨਾਂ ਸਮੂਹ ਹਾਲਤਾਂ ਦੇ ਕ੍ਰਮ ਨੂੰ ਅਨੁਭਵ ਕਰਨ ਵਾਲੀ ਚੈਤੰਨ੍ਯਾ ਸਤ੍ਯਾ ਦੇ ਪ੍ਰਾਇਣ ਹੀ ਰਹਣ ਦਾ ਜੋ ਬਾਰੰਬਾਰ ਜਤਨ ਕਰਦਾ ਰਹੇ ਉਹ ਅਭ੍ਯਾਸੀ ਸਦ੍ਯਾ ਜਾਂਦਾ ਹੈ।

ਦੁਬਿਧਾ ਅਪਰਸ ਅਉ ਸਾਧ ਇੰਦ੍ਰੀ ਨਿਗ੍ਰਹਿ ਕੈ ਆਤਮ ਪੂਜਾ ਬਿਬੇਕੀ ਸੁੰਨ ਮੈ ਸੰਨਿਆਸੀ ਹੈ ।

ਦੂਈ ਦ੍ਵੈਤਾ ਤੋਂ ਅਛੋਹ ਪੁਰਖ ਨੂੰ ਅਪਰਸ, ਤੇ ਇੰਦ੍ਰੀਆਂ ਨੂੰ ਆਪੋ ਆਪਣੇ ਵਿਖ੍ਯਾਂ ਵੱਲ ਦੌੜਨੋਂ ਰੋਕ ਰਖਣ ਸਾਧਨ ਵਾਲਾ ਹੋਣ ਕਰ ਕੇ ਸਾਧ ਅਤੇ ਸਰੀਰ ਇੰਦ੍ਰੀਆਂ ਤਥਾ ਮਨ ਆਦਿ ਦੇ ਸਾਖੀ ਸਰੂਪ ਚੈਤੰਨ ਆਤਮਾ ਦਾ ਹੀ ਅੰਦਰ ਪ੍ਰਪੱਕ ਨਿਸਚਾ ਧਾਰਣ ਰੂਪ ਪੂਜਾ ਕਰਤਾ ਬਿਬੇਕੀ, ਅਰੁ ਅਫੁਰ ਸਰਬ ਸੰਕਲਪ ਰਹਤ ਸੁੰਨ ਸਰੂਪ ਹੋਏ ਰਹਣ ਵਾਲਾ ਗੁਰਮੁਖ ਸੰਨ੍ਯਾਸੀ ਪ੍ਰਵਾਣਿਆ ਹੈ।

ਸਹਜ ਸੁਭਾਵ ਕਰਿ ਜੀਵਨ ਮੁਕਤਿ ਭਏ ਸੇਵਾ ਸਰਬਾਤਮ ਕੈ ਬ੍ਰਹਮ ਬਿਸ੍ਵਾਸੀ ਹੈ ।੩੨੮।

ਇਸ ਪ੍ਰਕਾਰ ਆਤਮ ਪ੍ਰਾਯਣ ਹੋ ਅਫੁਰ ਰਹਿੰਦਾ ਹੋਯਾ, ਕਿਸੇ ਕਾਰਜ ਆਦਿ ਦਾ ਸਮਾਗਮ ਆਨ ਬਣਿਆਂ ਜਦ ਸਹਜ ਸੁਭਾਵਕ ਹੀ ਕਾਰਜ ਕਰਨ ਵਾਲਾ ਹੋ ਰਹੇ, ਤਾਂ ਉਹ ਜੀਵਨ ਮੁਕਤ ਹੁੰਦਾ ਹੈ। ਅਤੇ ਜਦ ਸਮੂਹ ਜੀਵਾਂ ਅੰਦਰ ਸਰਬਾਤਮ ਸਰੂਪ ਤੱਕਦਾ ਹੋਯਾ ਸੇਵਾ ਵਜੌਂਣ ਵਾਲਾ ਹੋ ਰਹੇ ਤਾਂ ਓਸ ਨੂੰ ਸੇਵਕ ਵਾ ਬ੍ਰਹਮ ਭਾਵੀ ਬ੍ਰਹਮ ਗ੍ਯਾਨੀ ਕਿਹਾ ਜਾਂਦਾ ਹੈ ॥੩੨੮॥