ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 479


ਕਉਡਾ ਪੈਸਾ ਰੁਪਈਆ ਸੁਨਈਆ ਕੋ ਬਨਜ ਕਰੈ ਰਤਨ ਪਾਰਖੁ ਹੋਇ ਜਉਹਰੀ ਕਹਾਵਈ ।

ਜਿਸ ਤਰ੍ਹਾਂ ਕਉਡਾਂ; ਪੈਸਿਆਂ; ਰੁਪਯਾਂ ਤਥਾ ਮੋਹਰਾਂ ਦਾ ਵਣਜ ਕਰਦਿਆਂ ਕਰਦਿਆਂ; ਰਤਨਾਂ ਦਾ ਪਾਰਖੂ ਪਰਖਈਆ ਬਣ ਕੇ ਜੌਹਰੀ ਕਹੌਣ ਲਗ ਪਿਆ।

ਜਉਹਰੀ ਕਹਾਇ ਪੁਨ ਕਉਡਾ ਕੋ ਬਨਜੁ ਕਰੈ ਪੰਚ ਪਰਵਾਨ ਮੈ ਪਤਸਿਟਾ ਘਟਾਵਈ ।

ਪਰ ਜੇ ਜਉਹਰੀ ਅਖਵਾ ਕੇ ਮੁੜ ਕਉਡੀਆਂ ਦਾ ਵਣਜ ਕਰੇਤਾਂ ਪ੍ਰਵਾਣ ਪਏ ਮੰਨਿਆਂ ਪ੍ਰਮੰਨਿਆਂ ਪੈਂਚਾਂ ਵਿਚ ਆਪਣੀ ਪ੍ਰਤਿਸ਼ਟਾ ਪਤ ਆਬਰੋ ਨੂੰ ਘਟਾ ਲੈਂਦਾ ਹੈ।

ਆਨ ਦੇਵ ਸੇਵ ਗੁਰਦੇਵ ਕੋ ਸੇਵਕ ਹੁਇ ਲੋਕ ਪਰਲੋਕ ਬਿਖੈ ਊਚ ਪਦੁ ਪਾਵਈ ।

ਜੇਕਰ ਹੋਰ ਦੇਵਾਂ ਨੂੰ ਸੇਵਦਾ ਹੋਇਆ ਸਤਿਗੁਰੂ ਦੇਵ ਦਾ ਸੇਵਕ ਬਣ ਜਾਵੇ, ਤਦ ਤਾਂ ਲੋਕ ਪਰਲੋਕ ਵਿਖੇ ਉੱਚੇ ਮਰਾਤਬੇ ਨੂੰ ਪ੍ਰਾਪਤ ਹੋਯਾ ਕਰਦਾ ਹੈ।

ਛਾਡਿ ਗੁਰਦੇਵ ਸੇਵ ਆਨ ਦੇਵ ਸੇਵਕ ਹੁਇ ਨਿਹਫਲ ਜਨਮੁ ਕਪੂਤ ਹੁਇ ਹਸਾਵਈ ।੪੭੯।

ਪਰ ਜੇ ਗੁਰੂ ਦੇਵ ਦੀ ਸੇਵਾ ਨੂੰ ਤ੍ਯਾਗ ਕੇ ਕੋਈ ਆਨ ਦੇਵਾਂ ਦਾ ਸੇਵਕ ਜਾ ਬਣੇਗਾ ਤਾਂ ਉਸ ਦਾ ਜਨਮ ਅਜਾਈਂ ਜਾਵੇਗਾ, ਤੇ ਕਪੁੱਤ ਬਣਿਆ ਅਪਣੀ ਹਾਸੀ ਕਰਾਵੇਗਾ ਹਾਸੋ ਹੀਣੀ ਕਰਾਵੇਗਾ ॥੪੭੯॥


Flag Counter