ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 363


ਭਾਂਜਨ ਕੈ ਜੈਸੇ ਕੋਊ ਦੀਪਕੈ ਦੁਰਾਏ ਰਾਖੈ ਮੰਦਰ ਮੈ ਅਛਤ ਹੀ ਦੂਸਰੋ ਨ ਜਾਨਈ ।

ਜਿਸ ਤਰ੍ਹਾਂ ਕੋਈ ਆਦਮੀ ਦੀਵੇ ਨੂੰ ਭਾਂਜਨ ਕੈ ਬਰਤਨ ਨਾਲ ਢੱਕ ਰਖੇ ਤਾਂ ਮੰਦਰ ਵਿਚ ਓਸ ਦੇ ਹੁੰਦਿਆਂ ਸੁੰਦਿਆਂ ਭੀ ਦੂਆ ਇਸ ਭੇਦ ਨੂੰ ਨਹੀਂ ਜਾਣ ਸਕਿਆ ਕਰਦਾ।

ਜਉ ਪੈ ਰਖਵਈਆ ਪੁਨਿ ਪ੍ਰਗਟ ਪ੍ਰਗਾਸ ਕਰੈ ਹਰੈ ਤਮ ਤਿਮਰ ਉਦੋਤ ਜੋਤ ਠਾਨਈ ।

ਪਰ ਜੇਕਰ ਰਖਵਾਲਾ ਢਕਣਹਾਰਾ ਫੇਰ ਓਸ ਦਾ ਪ੍ਰਗਾਸ ਉਜਾਲਾ ਪ੍ਰਗਟ ਕਰ ਦੇਵੇ ਅਰਥਾਤ ਢਕਨਾ ਬਰਤਨ ਉਪਰੋਂ ਚੁੱਕ ਦੇਵੇ ਤਾਂ ਜੋਤਿ ਲਾਟ ਉਦੋਤਿ ਉਦੇ ਉਘੀ ਹੋ ਕੇ ਤਮ ਤਿਮਰ ਨਿਬੜ ਅੰਧਕਾਰ ਹਨੇਰੇ ਘੁੱਪ ਨੂੰ ਦੂਰ ਕਰ ਦਿੱਤਾ ਕਰਦੀ ਹੈ।

ਸਗਲ ਸਮਗ੍ਰੀ ਗ੍ਰਿਹਿ ਪੇਖਿਐ ਪ੍ਰਤਛਿ ਰੂਪ ਦੀਪਕ ਦਿਪਈਆ ਤਤਖਨ ਪਹਿਚਾਨਈ ।

ਅਤੇ ਸਾਰੀ ਸਮ੍ਰਗੀ ਘਰ ਦੀ ਸਾਮਰਤੱਖ ਦਿਖਾਈ ਦੇਣ ਲਗ ਪਿਆ ਕਰਦੀ ਹੈ ਤੇ ਦੀਵੇ ਦੇ ਜਗੌਣ ਵਾਲਾ ਭੀ ਤਤਕਾਲ ਪਛਾਣਿਆ ਜਾਣ ਲਗ ਪੈਂਦਾ ਹੈ।

ਤੈਸੇ ਅਵਘਟ ਘਟ ਗੁਪਤ ਜੋਤੀ ਸਰੂਪ ਗੁਰ ਉਪਦੇਸ ਉਨਮਾਨੀ ਉਨਮਾਨਈ ।੩੬੩।

ਤਿਸੇ ਪ੍ਰਕਾਰ ਹੀ ਘਟ ਸਰੀਰ ਅੰਦਰ ਅਵਘਟ ਉਲਟਾ ਘਟ ਵਾ ਉੱਚਾ ਘਟ ਜੋ ਦਸਮ ਦ੍ਵਾਰੀ ਮੰਡਲ ਹੈ, ਓਸ ਵਿਖੇ ਪਰਮਾਤਮ ਜ੍ਯੋਤੀ ਗੁਪਤ ਹੋਈ ਹੋਈ ਛਿਪੀ ਪਈ ਹੈ, ਜਦ ਗੁਰ ਉਪਦੇਸ਼ ਦੇ ਉਨਮਾਨੀ ਉਨਮਾਨ ਕਰਣ ਹਾਰੇ ਪ੍ਰਮਾਣ ਕਰਤੇ = ਅੰਦਰ ਵਸਾਨ ਵਾਲੇ ਬਣ ਜਾਈਏ ਤਾਂ ਉਨਮਾਨਈ ਓਸ ਦਾ ਪ੍ਰਮਾਣ ਥੌਹ ਨਿਸਚਾ ਆ ਜਾਯਾ ਕਰਦਾ ਹੈ ਭਾਵ ਜ੍ਯੋਂ ਕਾ ਤ੍ਯੋਂ ਓਸ ਦਾ ਸਾਖ੍ਯਾਤਕਾਰ ਹੋ ਆਯਾ ਕਰਦਾ ਹੈ ॥੩੬੩॥