ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 339


ਚਰਨ ਕਮਲ ਰਜ ਮਜਨ ਪ੍ਰਤਾਪ ਅਤਿ ਪੁਰਬ ਤੀਰਥ ਕੋਟਿ ਚਰਨ ਸਰਨਿ ਹੈ ।

ਚਰਣ ਕਮਲਾਂ ਦੀ ਧੂਲੀ ਦੇ ਸਰੀਰ ਉਪਾਰ ਮਾਰਜਨ ਮਰਦਨ ਕਰਨ ਦਾ ਅਰਥਾਤ ਮਲਣ ਦਾ ਮਹਾਤਮ ਅਤ੍ਯੰਤ ਹੀ ਅਧਿਕ ਹੈ, ਕ੍ਯੋਂਜੁ ਸਤਿਗੁਰਾਂ ਦੇ ਚਰਣਾਂ ਦੀ ਸਰਣਿ ਵਿਖੇ ਕ੍ਰੋੜਾਂ ਹੀ ਤੀਰਥਾਂ ਦੇ ਪੁਰਖ ਸਦੀਵਕਾਲ ਟਿਕੇ ਰਹਿੰਦੇ ਹਨ, ਜਿਸ ਕਰ ਕੇ ਰਜ ਸੇਵਨ ਕਰਤੇ ਪੁਰਖਾਂ ਨੂੰ ਸੁਤੇ ਹੀ ਅਨੰਤ ਪੁਰਬਾਂ ਸਮੇਂ ਤੀਰਥ ਪਰਸਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਭਾਵ ਤੀਰਥਾਂ ਦੇ ਪਰਸਨ ਦੀ ਲੋੜ ਓਨਾਂ ਦੀ ਚੁੱਕ ਜਾਂਦੀ ਹੈ।

ਚਰਨ ਕਮਲ ਰਜ ਮਜਨ ਪ੍ਰਤਾਪ ਅਤਿ ਦੇਵੀ ਦੇਵ ਸੇਵਕ ਹੁਇ ਪੂਜਤ ਚਰਨ ਹੈ ।

ਚਰਣ ਕਮਲਾਂ ਦੀ ਰਜ ਦ੍ਵਾਰੇ ਮਜਨ ਉਜਲਿਆਂ ਸੁੱਧ ਹੋਣ ਦਾ ਪ੍ਰਤਾਪ ਐਥੋਂ ਤਕ ਅਤ੍ਯੰਤ ਅਧਿਕ ਹੈ, ਕਿ ਸਮੂਹ ਦੇਵੀਆਂ ਅਰੁ ਦੇਵਤੇ ਸੇਵਕ ਬਣੇ ਹੋਏ ਰਜ ਸੇਵਕਾਂ ਦੇ ਚਰਣਾਂ ਦੀ ਪੂਜਾ ਬੰਦਨ ਕਰਨ ਲਗ ਪੈਂਦੇ ਹਨ ਭਾਵ ਚਰਣ ਰਜ ਸੇਵਨ ਕਾਰਣ ਸਭ ਦੇਵੀ ਦੇਵਤਿਆਂ ਆਦਿ ਦਾ ਸ੍ਵਯੰ ਅਰਾਧਨ ਜੋਗ ਦੇਵਤਾ ਬਣ ਜਾਈਦਾ ਹੈ, ਅਤੇ ਮੁੜ ਕਦੀ ਕਿਸੇ ਹੋਰ ਦੇ ਪੂਜਨ ਆਦਿ ਦੀ ਲੋੜ ਹੀ ਨਹੀਂ ਰਿਹਾ ਕਰਦੀ।

ਚਰਨ ਕਮਲ ਰਜ ਮਜਨ ਪ੍ਰਤਾਪ ਅਤਿ ਕਾਰਨ ਅਧੀਨ ਹੁਤੇ ਕੀਨ ਕਾਰਨ ਕਰਨ ਹੈ ।

ਚਰਣ ਕਮਲਾਂ ਦੀ ਰਜ ਦਾ ਮਹੱਤ੍ਵ ਇਸ ਵਾਸਤੇ ਬਹੁਤ ਹੀ ਅਧਿਕ ਹੈ ਕਿ ਇਸ ਦੇ ਸੇਵਨ ਮਾਤ੍ਰ ਤੇ ਹੀ ਜੋ ਮਨੁੱਖ ਕਾਰਣ ਨਿਮਿੱਤਾਂ ਪ੍ਰਯੋਜਨਾਂ ਦੇ ਅਧੀਨ ਦਾਸਵਤ ਸਦਾ ਵਰਤ੍ਯਾ ਕਰਦੇ ਹਨ ਓਨ੍ਹਾਂ ਨੂੰ ਇਹ ਕਾਰਨ ਕਰਨ ਸ੍ਵਯੰ ਨਿਮਿੱਤਾਂ ਦੇ ਰਚਣ ਹਾਰੇ ਵਾ ਘੜਨ ਭੰਨਣ ਸਮਰਥ ਬਣਾ ਦਿਆ ਕਰਦੀ ਹੈ।

ਚਰਨ ਕਮਲ ਰਜ ਮਜਨ ਪ੍ਰਤਾਪ ਅਤਿ ਪਤਿਤ ਪੁਨੀਤ ਭਏ ਤਾਰਨ ਤਰਨ ਹੈ ।੩੩੯।

ਸਤਿਗੁਰਾਂ ਦੇ ਚਰਣ ਕਮਲਾਂ ਦੀ ਧੂਲੀ ਸਰੀਰ ਪੁਰ ਲਗੌਣ ਦਾ ਐਡਾ ਪ੍ਰਤਾਪ ਹੈ ਕਿ ਪਤਿਤ = ਅਨਾਚਾਰੀ = ਪਾਪੀ ਪੁਰਖ ਭੀ, ਪੁਨੀਤ ਪਵਿਤ੍ਰਾਂ ਤੋਂ ਪਵਿਤ੍ਰ ਹੋ ਜੀਵਾਂ ਨੂੰ ਸੰਸਾਰ ਸਾਗਰੋਂ ਤਾਰਨ ਪਾਰ ਕਰਨ ਲਈ ਤਰਨ ਜਹਾਜ ਰੂਪ ਬਣ ਜਾਂਦੇ ਹਨ ॥੩੩੯॥


Flag Counter