ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 351


ਜੈਸੇ ਦੀਪ ਦਿਪਤ ਮਹਾਤਮੈ ਨ ਜਾਨੈ ਕੋਊ ਬੁਝਤ ਹੀ ਅੰਧਕਾਰ ਭਟਕਤ ਰਾਤਿ ਹੈ ।

ਜਿਸ ਤਰ੍ਹਾਂ ਦੀਵੇ ਦੇ ਜਗਦਿਆਂ ਹੋਇਆਂ ਓਸ ਦੇ ਮਹਾਤਮ ਲਾਭ ਨੂੰ ਕੋਈ ਨਹੀਂ ਜਾਣਦਾ ਅਰਥਾਤ ਓਸ ਦੀ ਐਡੀ ਗਹੁ ਨਹੀਂ ਕੀਤੀ ਜਾਂਦੀ ਪਰ ਬੁਝਨ ਸਾਰ ਜਦ ਹਨੇਰਾ ਹੀ ਹਨੇਰਾ ਹੋ ਜਾਂਦਾ ਹੈ ਤਾਂ ਫੇਰ ਰਾਤ ਭਰ ਹੀ ਭਟਕਦੇ ਰਹੀਦਾ ਹੈ।

ਜੈਸੇ ਦ੍ਰੁਮ ਆਂਗਨਿ ਅਛਿਤ ਮਹਿਮਾ ਨ ਜਾਨੈ ਕਾਟਤ ਹੀ ਛਾਂਹਿ ਬੈਠਬੇ ਕਉ ਬਿਲਲਾਤ ਹੈ ।

ਜਿਸ ਤਰ੍ਹਾਂ ਆਂਗਨਿ ਵਿਹੜੇ ਅੰਦਰ ਦ੍ਰੁਮ ਬਿਰਛ ਦੇ ਅਛਤ ਹੁੰਦਿਆਂ ਹੋਇਆਂ ਓਸ ਦੀ ਮਹਿਮਾ ਕਦਰ ਨਹੀਂ ਜਾਣੀਦੀ, ਪਰ ਕਟਤ ਕਟੀਂਦੇ ਸਾਰ ਹੀ ਫੇਰ ਛਾਂਵੇ ਬੈਠਣ ਵਾਸਤੇ ਪਏ ਬ੍ਯਾਕੁਲ ਹੋਯਾ ਘਬਰਾਯਾ ਫਿਰੀਦਾ ਹੈ।

ਜੈਸੇ ਰਾਜਨੀਤਿ ਬਿਖੈ ਚੈਨ ਹੁਇ ਚਤੁਰਕੁੰਟ ਛਤ੍ਰ ਢਾਲਾ ਚਾਲ ਭਏ ਜੰਤ੍ਰ ਕੰਤ੍ਰ ਜਾਤ ਹੈ ।

ਜਿਸ ਤਰ੍ਹਾਂ ਰਾਜ ਨੀਤੀ ਰਾਜ ਸ਼ਾਸ਼ਨਾਂ ਵਿਖੇ ਰਾਜ ਦੀ ਮ੍ਰਯਾਦਾ ਸਥਾਪਨ ਰਹਿੰਦਿਆਂ ਚਹੁੰਚੱਕੀ ਅਰਾਮ ਚੈਨ ਵਰਤਯਾ ਰਹਿੰਦਾ ਹੈ, ਪਰ ਛਤ੍ਰ ਦੀ ਢਾਲ ਓਟ ਦੇ ਚਲਾਯਮਾਨ ਹੋਯਾਂ ਚਾਲੂ ਹੋਇਆਂ ਰਾਜ ਗਰਦੀ ਦੀ ਗੜਬੜ ਵਾਪਰਿਆ ਪਰਜਾ ਜਿਧਰ ਕਿਧਰ ਤੁਰਦੀ ਹੁੰਦੀ ਹੈ। ਭਾਵ ਰਾਜ ਮ੍ਰਯਾਦਾ ਨੂੰ ਤ੍ਯਾਗ ਜਾਂਦੀ ਹੈ।

ਤੈਸੇ ਗੁਰਸਿਖ ਸਾਧ ਸੰਗਮ ਜੁਗਤਿ ਜਗ ਅੰਤਰੀਛ ਭਏ ਪਾਛੇ ਲੋਗ ਪਛੁਤਾਤ ਹੈ ।੩੫੧।

ਇਸੇ ਤਰ੍ਹਾਂ ਹੀ ਜਗਤ ਵਿਖੇ ਗੁਰੂ ਅਤੇ ਸਿੱਖਾਂ ਦੀ ਸਾਧ ਸੰਗਤ ਦੀ ਜੁਗਤ ਦਾ ਜੋੜ ਮੇਲੇ ਦਾ ਵਰਤਾਰਾ ਸਮਝੋ, ਜਦ ਅੰਤਰ ਧ੍ਯਾਨ, ਲੋਪ ਹੋ ਜਾਵੇ, ਤਾਂ ਪਿਛੋਂ ਲੋਕ ਪਏ ਪਛੋਤਾਵਾ ਕਰ੍ਯਾ ਕਰਦੇ ਹਨ ॥੩੫੧॥


Flag Counter