ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 358


ਗਿਆਨ ਧਿਆਨ ਪ੍ਰਾਨ ਸੁਤ ਰਾਖਤ ਜਨਨੀ ਪ੍ਰਤਿ ਅਵਗੁਨ ਗੁਨ ਮਾਤਾ ਚਿਤ ਮੈ ਨ ਚੇਤ ਹੈ ।

ਜੀਕੂੰ ਪੁਤ੍ਰ ਆਪਣੇ ਗਿਆਨ ਸਮਝ ਬੂਝ ਨੂੰ ਧਿਆਨ ਲੋੜ ਥੋੜ ਦੀ ਸੋਚ ਫਿਕਰ ਵਾ ਤਾਂਘ ਨੂੰ ਅਤੇ ਪ੍ਰਾਣ ਅਪਣੀ ਜਾਨ ਦੀ ਰਖ੍ਯਾ = ਪ੍ਰਤਿਪਾਲਾ ਨੂੰ ਜਨਨੀ ਪ੍ਰਤਿ = ਮਾਤਾ ਤਾਈਂ ਸੌਂਪੀ ਰਖਦਾ ਵਾ ਮਾਤਾ ਗੋਚਰੀ ਰਖਦਾ ਸਮਝਦਾ ਹੈ ਅਤੇ ਇਸੇ ਕਰ ਕੇ ਮਾਂ ਭੀ ਓਸ ਦੇ ਔਗੁਣਾਂ ਨੂੰ ਨਾ ਗੁਣ ਵੀਚਾਰ ਕੇ ਚਿੱਤ ਅੰਦਰ ਨਹੀਂ ਚਿਤਾਰਿਆ ਕਰਦੀ।

ਜੈਸੇ ਭਰਤਾਰਿ ਭਾਰਿ ਨਾਰਿ ਉਰ ਹਾਰਿ ਮਾਨੈ ਤਾ ਤੇ ਲਾਲੁ ਲਲਨਾ ਕੋ ਮਾਨੁ ਮਨਿ ਲੇਤ ਹੈ ।

ਜਿਸ ਤਰ੍ਹਾਂ ਪਤੀ ਦੇ ਭਾਰ ਨੂੰ ਇਸਤ੍ਰੀ ਆਪਣੇ ਉਰ ਹਿਰਦੇ ਗਲੇ ਦਾ ਹਾਰ ਮੰਨ੍ਯਾਂ ਕਰਦੀ ਹੈ ਤੇ ਇਸੇ ਕਰ ਕੇ ਹੀ ਭਰਤਾ ਭੀ ਆਪਣੀ ਪ੍ਰਿਯਾ ਦੇ ਮਾਨ ਨੂੰ ਮੰਨ ਲਿਆ ਕਰਦਾ ਹੈ ਵਾ ਓਸ ਦੇ ਆਦਰ ਨੂੰ ਹਿਰਦੇ ਮਨ ਵਿਚ ਲਈ ਧਾਰੀ ਰਖ੍ਯਾ ਕਰਦਾ ਹੈ।

ਜੈਸੇ ਚਟੀਆ ਸਭੀਤ ਸਕੁਚਤ ਪਾਧਾ ਪੇਖਿ ਤਾ ਤੇ ਭੂਲਿ ਚੂਕਿ ਪਾਧਾ ਛਾਡਤ ਨ ਹੇਤ ਹੈ ।

ਜਿਸ ਤਰ੍ਹਾਂ ਚਾਟੜੇ ਵਿਦ੍ਯਾਰਥੀ ਬਾਲਕੇ ਪਾਂਧੇ ਪੜ੍ਹੌਨਹਾਰੇ ਨੂੰ ਤੱਕ ਕੇ ਸਭੀਤਿ = ਭੈਵਾਨ ਹੋ ਸਕੁਚਤਾ ਸੰਗ ਧਾਰ ਜਾਂਦੇ ਸੰਕੋਚ ਖਾ ਜਾਂਦੇ ਹਨ ਤੇ ਏਸੇ ਕਰ ਕੇ ਹੀ ਪਾਂਧਾ ਭੁਲ ਚੁੱਕ ਓਨਾਂ ਦੀ ਛੱਡ ਕੇ ਵਿਸਾਰ ਕੇ ਤਨ ਬਾਲਕਿਆਂ ਸ਼ਾਗਿਰਦਾਂ ਨਾਲ ਹਿਤ ਹੀ ਕਰ੍ਯਾ ਕਰਦਾ ਹੈ। ਅਥਵਾ ਏਸੇ ਕਰ ਕੇ ਹੀ ਪਾਂਧਾ ਓਨਾਂ ਦੀ ਭੁਲ ਚੁੱਕ ਨੂੰ ਛਾਡਤ ਤ੍ਯਾਗ ਦਿੰਦਾ ਹੈ। ਪਰ ਛਾਡਤ ਨ ਹੇਤ ਹੈ ਪ੍ਯਾਰ ਨੂੰ ਨਹੀਂ ਤ੍ਯਾਗ ਦਿੱਤਾ ਕਰਦਾ। ਇਉਂ ਛਾਡਤ ਦਿਹਲੀ ਦੀਪਕ ਸ਼ਬਦ ਵਤ ਭੀ ਕੰਮ ਵਿਚ ਆ ਸਕਦਾ ਹੈ।

ਮਨ ਬਚ ਕ੍ਰਮ ਗੁਰ ਚਰਨ ਸਰਨਿ ਸਿਖਿ ਤਾ ਤੇ ਸਤਿਗੁਰ ਜਮਦੂਤਹਿ ਨ ਦੇਤ ਹੈ ।੩੫੮।

ਇਸੇ ਤਰ੍ਹਾਂ ਸਿੱਖ ਭੀ ਗੁਰੂ ਮਹਾਰਾਜ ਦੇ ਚਰਣਾਂ ਦੀ ਸ਼ਰਣ ਮਨ ਬਾਣੀ ਸਰੀਰ ਕਰ ਕੇ ਹੀ ਹੋਯਾ ਰਹਿੰਦਾ ਹੈ ਅਰਥਾਤ ਓਨਾਂ ਦੇ ਹੀ ਪ੍ਰਾਯਣ ਆਸਰੇ ਪਰਣੇ ਰਹਿੰਦਾ ਹੈ, ਤੇ ਇਸੇ ਕਰ ਕੇ ਹੀ ਸਤਿਗੁਰੂ ਵੀ ਓਸ ਨੂੰ ਜਮਦੂਤਾਂ ਦੇ ਸਪੁਰਦ ਨਹੀਂ ਕਰਦੇ ਭਾਵ ਵਸ ਵਿਚ ਕਦਾਚਿਤ ਨਹੀਂ ਪੈਣ ਦਿੰਦੇ ॥੩੫੮॥


Flag Counter