ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 357


ਜੈਸੇ ਮਿਸਟਾਨ ਪਾਨ ਪੋਖਿ ਤੋਖਿ ਬਾਲਕਹਿ ਅਸਥਨ ਪਾਨ ਬਾਨਿ ਜਨਨੀ ਮਿਟਾਵਈ ।

ਜਿਸ ਤਰ੍ਹਾਂ ਮਿਠੇ ਮਿਠੇ ਪਦਾਰਥ ਬਾਲਕ ਨੂੰ ਖੁਵਾਲ ਪਿਆਲ ਰਜਾ ਪੁਜਾ ਕੇ ਮਾਤਾ ਓਸ ਦੀ ਦੁਧ ਚੁੰਘਨ ਦੀ ਵਾਦੀ ਨੂੰ ਹਟਾ ਲਿਆ ਕਰਦੀ ਹੈ।

ਮਿਸਰੀ ਮਿਲਾਇ ਜੈਸੇ ਅਉਖਦ ਖਵਾਵੈ ਬੈਦੁ ਮੀਠੋ ਕਰਿ ਖਾਤ ਰੋਗੀ ਰੋਗਹਿ ਘਟਾਵਈ ।

ਜਿਸ ਤਰ੍ਹਾਂ ਬੈਦ ਮਿਸਰੀ ਖੰਡ ਦਵਾਈ ਵਿਚ ਮਿਲਾ ਕੇ ਰੋਗੀ ਨੂੰ ਖੁਵਾਲਦਾ ਅਤੇ ਉਹ ਮਿਠੀ ਦਵਾਈ ਸਮਝ ਕੇ ਖਾ ਜਾਂਦਾ ਹੈ ਸੋ ਇਉਂ ਕਰ ਕੇ ਓਸ ਦੇ ਰੋਗ ਨੂੰ ਘਟਾ ਦਿੰਦਾ ਹੈ।

ਜੈਸੇ ਜਲੁ ਸੀਚਿ ਸੀਚਿ ਧਾਨਹਿ ਕ੍ਰਿਸਾਨ ਪਾਲੈ ਪਰਪਕ ਭਏ ਕਟਿ ਘਰ ਮੈ ਲੈ ਲਿਆਵਈ ।

ਜਿਸ ਤਰ੍ਹਾਂ ਕ੍ਰਿਸਾਨ ਖੇਤੀ ਵਾਹੀ ਕਰਣਹਾਰਾ ਜਿਮੀਂਦਾਰ ਪਾਣੀ ਸਿੰਜ ਸਿੰਜ ਕੇ ਧਾਨਾਂ ਨੂੰ ਝੋਨੇ ਜੌਂ ਆਦਿ ਦੇ ਖੇਤਾਂ ਨੂੰ ਪਾਲਦਾ ਹੈਤੇ ਜਦ ਚੰਗੀ ਤਰਾਂ ਉਹ ਪੱਕ ਜਾਂਦੇ ਹਨ, ਵੱਢ ਕੇ ਘਰ ਲੈ ਔਂਦਾ ਹੈ,

ਤੈਸੇ ਗੁਰ ਕਾਮਨਾ ਪੁਜਾਇ ਨਿਹਕਾਮ ਕਰਿ ਨਿਜ ਪਦ ਨਾਮੁ ਧਾਮੁ ਸਿਖੈ ਪਹੁਚਾਵਈ ।੩੫੭।

ਤਿਸੀ ਪ੍ਰਕਾਰ ਹੀ ਗੁਰੂ ਸਿੱਖ ਦੀਆਂ ਕਾਮਨਾਂ ਮਨੋਰਥ ਮੁਰਾਦਾਂ ਪੂਰੀਆਂ ਕਰ ਕਰ ਕੇ ਫੇਰ ਓਸ ਨੂੰ ਨਿਸ਼ਕਾਮ ਕਾਮਨਾ ਤੋਂ ਰਹਿਤ ਬਣਾ ਕੇ, ਨਿਜ ਪਦ ਹੈ ਨਾਮ ਜਿਸ ਧਾਮ ਪਰਮਾਰਥ ਪਦਵੀ ਦਾਉਸ ਵਿਖੇ ਓਸ ਨੂੰ ਪ੍ਰਾਪਤ ਕਰ ਦਿੰਦੇ ਹਨ ॥੩੫੭॥