ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 391


ਕੋਊ ਬੇਚੈ ਗੜਿ ਗੜਿ ਸਸਤ੍ਰ ਧਨਖ ਬਾਨ ਕੋਊ ਬੇਚੈ ਗੜਿ ਗੜਿ ਬਿਬਿਧਿ ਸਨਾਹ ਜੀ ।

ਕੋਈ ਤਾਂ ਮਾਰਣ ਹਾਰਿਆਂ ਵਾਰ ਕਰਣ ਹਾਰਿਆਂ ਸ਼ਸਤ੍ਰਾਂ ਧਨੁਖ ਬਾਨ ਤੀਰ ਕਮਾਨ ਆਦਿਕ ਨੂੰ ਘੜ ਘੜ ਕੇ ਬੇਚਦਾ ਹੈ, ਅਤੇ ਕੋਈ ਬਿਬਿਧ ਵੰਨੋ ਵੰਨੀ ਭਾਂਤ ਦੇ ਨਮੂਨਿਆਂ ਦੀਆਂ ਸਨਾਹ ਸੰਜੋਆਂ ਕਵਚ ਉਕਤ ਸ਼ਸਤ੍ਰਾਂ ਦੀ ਮਾਰ ਅਰੁ ਵਾਰ ਨੂੰ ਬਚਾਨ ਹਾਰੀਆਂ ਤਨ ਤ੍ਰਾਣਾਂ ਘੜ ਘੜ ਕੇ ਵੇਚਿਆ ਕਰਦਾ ਹੈ। ਹੇ ਭਾਈ ਜਨੋ!

ਕੋਊ ਬੇਚੈ ਗੋਰਸ ਦੁਗਧ ਦਧ ਘ੍ਰਿਤ ਨਿਤ ਕੋਊ ਬੇਚੈ ਬਾਰੁਨੀ ਬਿਖਮ ਸਮ ਚਾਹ ਜੀ ।

ਕੋਈ ਵੇਚਦਾ ਹੈ ਮੱਖਨ, ਦੁੱਧ ਦਹੀਂ ਤੇ ਘਿਉ ਨੂੰ ਹੀ ਨਿਤਾ ਪ੍ਰਤੀ ਜਿਨਾਂ ਲਈ ਸਭ ਦੀ ਹੀ ਇਕੋ ਜੇਹੀ ਸਮ ਚਾਹਨਾ ਹੈ, ਅਰਥਾਤ ਸਾਰੇ ਜੀਵ ਹੀ ਜਿਨ੍ਹਾਂ ਨੂੰ ਇਕ ਸਮ ਪਸਿੰਦ ਰਖਦੇ ਹਨ ਅਥਵਾ ਸਮ ਜੋ ਸਭ ਦੇ ਹੀ ਅਨਕੂਲ ਪੈਣ ਵਾਲੇ ਪਦਾਰਥ ਵਾ ਚਿੱਤ ਨੂੰ ਸਮਤਾ ਵਿਚ ਰਖਣ ਵਾਲੇ ਇਹ ਜਿਹੜੇ ਪਦਾਰਥ ਹਨ: ਅਤੇ ਕੋਈ ਵੇਚਦਾ ਹੈ, ਬਾਰੁਨੀ ਸ਼ਰਾਬ ਨੂੰ ਜੋ ਬਿਖਮ ਦੁਖਦਾਈ ਹੈ ਯਾਂ ਜੋ ਸਮਤਾ ਭਾਵ ਵਿਚ ਵਰਤਨਹਾਰੀ ਮਨ ਦੀ ਚਾਹਨਾ ਨੂੰ ਵਿਖਮਤਾ ਗੜਬੜ ਵਿਚ ਪਾਣ ਵਾਲੀ ਹੈ ਅਥਵਾ ਜਿਸ ਨੂੰ ਵਿਖਮ ਭਾਵ ਨਾਲ ਲੋਕ ਤਕਦੇ ਹਨ ਅਰਥਾਤ ਕੋਈ ਪਸੰਦ ਕਰਦੇ ਤੇ ਕੋਈ ਜਿਸ ਨੂੰ ਘ੍ਰਿਣਾ ਕਰਦੇ ਹਨ।

ਤੈਸੇ ਹੀ ਬਿਕਾਰੀ ਉਪਕਾਰੀ ਹੈ ਅਸਾਧ ਸਾਧ ਬਿਖਿਆ ਅੰਮ੍ਰਿਤ ਬਨ ਦੇਖੇ ਅਵਗਾਹ ਜੀ ।

ਜਿਸ ਤਰ੍ਹਾਂ ਉਪਰੋਕਤ ਸਮ ਵਿਖਮ ਅਨਕੂਲ ਵਾ ਪ੍ਰਤਿਕੂਲ ਪਦਾਰਥਾਂ ਨੂੰ ਆਪੋ ਆਪਣੀ ਰੁਚੀ ਯਾ ਤਬੀਅਤ ਦੇ ਪਰਚੇ ਮੂਜਬ ਵੇਚਨ ਦੀ ਇਕੋ ਜੇਹੀ ਲਾਭ ਦੀ ਚਾਹਨਾ ਅਨੁਸਾਰ ਵੇਦਨਾ ਪਸਿੰਦ ਕਰਦੇ ਹਨ ਤਿਸੀ ਪ੍ਰਕਾਰ ਹੀ ਅਸਾਧ ਸਾਕਤ ਲੋਕ ਬਿਕਾਰੀ ਅਪਕਾਰ ਵਿਗਾੜ ਕਰਨ ਵਾਲੀ ਦੁਸ਼ਟ ਪ੍ਰਵਿਰਤੀ ਵਿਚ ਵਰਤਨ ਵਾਲੇ ਬਨਣਾ ਅਤੇ ਸਾਧ ਗੁਰੂ ਕੇ ਸਿੱਖ ਭਲੇ ਪੁਰਖ ਉਪਕਾਰੀ ਦੂਸਰਿਆਂ ਦੇ ਹਿਤ ਪਾਲਨ ਵਾਲੀ ਦਯਾ ਭਾਵੀ ਵਾ ਸੁਖਦਾਈ ਪ੍ਰਵਿਰਤੀ ਵਾਲੇ ਬਨਣਾ ਪਸਿੰਦ ਕਰਦੇ ਹਨ; ਇਸ ਸੰਸਾਰ ਰੂਪ ਬਨ ਅੰਦਰ ਵਿਹੁ ਤੇ ਅੰਮ੍ਰਿਤ ਮਈ ਭਲੇ ਬੁਰੇ ਦੋਵੇਂ ਫਲ ਹੀ ਲਗਦੇ ਦੇਖੇ ਹਨ ਅਸਾਂ ਅਵਗਾਹ ਜੀ ਫਿਰ ਫਿਰ ਕੇ ਵਾ ਗੌਹ ਕਰ ਕਰ ਕੇ ਹੇ ਪਿਆਰਿਓ!

ਆਤਮਾ ਅਚੇਤ ਪੰਛੀ ਧਾਵਤ ਚਤੁਰਕੁੰਟ ਜੈਸੇ ਈ ਬਿਰਖ ਬੈਠੇ ਚਾਖੇ ਫਲ ਤਾਹ ਜੀ ।੩੯੧।

ਇਹ ਆਤਮਾ ਮਨ ਮਨ ਪ੍ਰਧਾਨ ਜੂਨ ਵਾਲਾ ਜੀਵ ਅਚੇਤ ਪੰਛੀ ਮੂਰਖ ਜਨੌਰ ਵਾਕੂੰ ਲੋਭ ਲਾਲਸਾ ਦਾ ਮਾਰ੍ਯਾ ਹੋਯਾ ਚਾਰੋਂ ਕੁੰਟਾਂ ਵਿਖੇ ਦੌੜਦਾ ਰਹਿੰਦਾ ਜਨਮ ਜਨਮਾਂਤਰਾਂ ਵਿਖੇ ਭਟਕਦਾ ਰਹਿੰਦਾ ਹੈ, ਕੀਹ ਕਰੇ ਜੇਹੋ ਜੇਹੇ ਸੁਭਾਵ ਵਾਲੇ ਸਰੀਰ ਰੂਪ ਬਿਰਛ ਉਪਰ ਬੈਠਦਾ ਹੈ ਓਸ ਓਸ ਦੇ ਸੁਭਾਵ ਸੰਗਤ ਅਨੁਸਾਰ ਹੀ ਸੰਸਾਰੀ ਪ੍ਰਵਿਰਤੀ ਵਿਚ ਵਰਤਿਆ ਤੇ ਦੁਖ ਸੁਖ ਦੇ ਭੋਗ ਰੂਪ ਫਲ ਨੂੰ ਚੱਖਿਆ ਭੋਗਿਆ ਕਰਦਾ ਹੈ ॥੩੯੧॥


Flag Counter