ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 199


ਨਿਹਫਲ ਜਿਹਬਾ ਹੈ ਸਬਦ ਸੁਆਦਿ ਹੀਨ ਨਿਹਫਲ ਸੁਰਤਿ ਨ ਅਨਹਦ ਨਾਦ ਹੈ ।

ਉਹ ਰਸਨਾ ਅਕਾਰਥੀ ਹੈ ਜਿਸ ਉਪਰ ਵਾਹਿਗੁਰੂ ਦੇ ਨਾਮ ਦਾ ਵਾਸਾ ਨਹੀਂ, ਤੇ ਜਿਸ ਨੇ ਨਾਮ ਰਸ ਨੂੰ ਇਸ ਦ੍ਵਾਰਾ ਨਹੀਂ ਗ੍ਰਹਿਣ ਕੀਤਾ। ਉਹ ਸੁਰਤਿ ਕੰਨ ਅਕਾਰਥ ਹਨ ਜਿਨ੍ਹਾਂ ਨੇ ਅਨਹਦ ਨਾਦ ਅਖੰਡ ਕੀਰਤਨ ਵਾ ਦਿਬ੍ਯ ਧੁਨੀ ਨੂੰ ਨਹੀਂ ਸ੍ਰਵਣ ਕੀਤਾ।

ਨਿਹਫਲ ਦ੍ਰਿਸਟਿ ਨ ਆਪਾ ਆਪੁ ਦੇਖੀਅਤਿ ਨਿਹਫਲ ਸੁਆਸ ਨਹੀ ਬਾਸੁ ਪਰਮਾਦੁ ਹੈ ।

ਉਹ ਨਿਗ੍ਹਾ ਅਖੀਆਂ ਅਕਾਰਥੀਆਂ ਹਨ ਜੋ ਅਪਣੇ ਆਪ ਨੂੰ ਅੱਖੀਆਂ ਅੰਦਰ ਤੱਕਨ ਹਾਰੀ ਜੋਤ ਸਰੂਪੀ ਅੱਖ ਦੀ ਅੱਖ ਨੂੰ ਨਹੀਂ ਤੱਕਦੀਆਂ ਭਾਵ ਬਾਹਰ ਮੁਖੀ ਪ੍ਰਵਿਰਤੀਓਂ ਅੰਤਰਮੁਖ ਉਲਟ ਜ੍ਯੋਤੀ ਸਰੂਪ ਅੰਤਰਯਾਮੀ ਵਿਖੇ ਨਹੀਂ ਲਿਵਲੀਨ ਹੁੰਦੀਆਂ। ਅਰੁ ਉਹ ਸੁਆਸ ਪ੍ਰਾਣ ਧਾਰਾ ਅਕਾਰਥ ਹੈ ਜਿਹੜੀ ਸਮੂਹ ਆਦਿ ਰੂਪਾਂ ਦੀ ਆਦਿ ਪਰਮਾਤਮਾ ਦੇ ਨਾਮ ਦੀ ਲਪਟ ਰੂਪ ਲਪੇਟ ਵਿਚ ਨਹੀਂ ਆਈ ਭਾਵ ਜਿਹੜੇ ਸ੍ਵਾਸ ਨਾਮ ਦੀ ਤਾ ਨੂੰ ਅਪਣੇ ਵਿਚ ਪਰੋ ਕੇ ਅੰਦਰ ਨਹੀਂ ਵਗ ਰਹੇ ਹੋਣ, ਅਥਵਾ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਗੰਧ ਨਹੀਂ ਪੋਹੀ ਹੋਵੇ ਜਿਨ੍ਹਾਂ ਨਾਲ ਨਾਮ ਨਹੀਂ ਜਪਿਆ ਜਾ ਰਿਹਾ ਹੋਵੇ ਉਹ ਸ੍ਵਾਸ ਬ੍ਯਰਥ ਹਨ।

ਨਿਹਫਲ ਕਰ ਗੁਰ ਪਾਰਸ ਪਰਸ ਬਿਨੁ ਗੁਰਮੁਖਿ ਮਾਰਗ ਬਿਹੂਨ ਪਗ ਬਾਦਿ ਹੈ ।

ਉਹ ਹੱਥ ਅਫੱਲ ਹਨ ਜਿਹੜੇ ਸਤਿਗੁਰਾਂ ਦੇ ਪਾਰਸ ਰੂਪ ਚਰਣਾਂ ਦੇ ਸਪਰਸ਼ੋਂ ਛੁਹਨੋਂ ਰਹਿਤ ਹਨ ਅਥਵਾ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਦ੍ਵਾਰੇ ਗੁਰੂ ਮਹਾਰਾਜ ਦੇ ਸਪਰਸ਼ ਛੁਹ ਨੂੰ ਪ੍ਰਾਪਤ ਨਹੀਂ ਕੀਤਾ। ਅਤੇ ਉਹ ਪੈਰ ਬਾਦ ਬ੍ਯਰਥ ਹਨ ਜਿਹੜੇ ਸਤਿਗੁਰਾਂ ਦੇ ਰਸਤੇ ਨਹੀਂ ਤੁਰਦੇ ਹੋਣ।

ਗੁਰਮੁਖਿ ਅੰਗ ਅੰਗ ਪੰਗ ਸਰਬੰਗ ਲਿਵ ਦ੍ਰਿਸਟਿ ਸੁਰਤਿ ਸਾਧ ਸੰਗਤਿ ਪ੍ਰਸਾਦਿ ਹੈ ।੧੯੯।

ਪਰ ਗੁਰਮੁਖ ਦੇ ਅੰਗ ਪਿੰਗਲੇ ਅੰਗ ਹੁੰਦੇ ਹੋਏ ਭੀ ਸਾਧ ਸੰਗਤ ਦੇ ਪ੍ਰਸਾਦ ਪ੍ਰਸੰਨਤਾ ਕਾਰਣ ਦ੍ਰਿਸ਼ਟੀ ਧਿਆਨ ਵਿਖੇ ਸੁਰਤਿ ਦੀ ਲਿਵ ਤਾਰ ਲਗਾਨ ਕਰ ਕੇ ਸੁੰਦਰ ਸਰੂਪ ਨਵੇਂ ਨਰੋਏ ਅੰਗ ਸਫਲੇ ਰਹਿੰਦੇ ਹਨ ॥੧੯੯॥


Flag Counter