ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 25


ਗੁਰਮਤਿ ਸਤਿ ਕਰਿ ਅਧਮ ਅਸਾਧ ਸਾਧ ਗੁਰਮਤਿ ਸਤਿ ਕਰਿ ਜੰਤ ਸੰਤ ਨਾਮ ਹੈ ।

ਜਿਨ੍ਹਾਂ ਨੇ ਗੁਰਮਤਿ ਗੁਰਉਪਦੇਸ਼ ਨੂੰ ਸਤਿ ਸਤਿ ਕਰ ਕੇ ਮੰਨਿਆ ਵਾ ਗੁਰਉਪਦੇਸ਼ ਨੂੰ ਧਾਰਨ ਕੀਤਾ ਉਹ ਅਧਮ = ਪਾਂਬਰ, ਨੀਚ, ਨਿੰਦਤ ਕਰਮੀ, ਅਸਾਧ = ਭੈੜੇ ਭੀ ਚਾਹੇ ਸਨ ਕਿੰਤੂ ਸਾਧ = ਭਲੇ ਸ੍ਰੇਸ਼ਟ ਪੁਰਖ ਬਣ ਗਏ ਜੀਕੂੰ ਕਿ ਬਾਲਮੀਕ ਧਾੜਵੀ ਅਰੁ ਅਜਾਮਲ, ਭੀਲਨੀ ਆਦਿ ਦੇ ਨਾਮ ਲਏ ਜਾਂਦੇ ਹਨ, ਗੁਰਮਤਿ ਨੂੰ ਸਤਿ ਕਰ ਕੇ ਮੰਨਣ ਵਾਲੇ ਅਥਵਾ ਗੁਰਮਤਿ ਦੀ ਸਤਿਆ ਕਰ ਕੇ, ਜਿਹੜੇ ਬਾਲਮੀਕ ਸੁਪੱਚ ਜੇਹੇ ਭੰਗੀ ਜੰਤ ਨੀਚ ਜੰਤੂਆਂ ਦੇ ਸਮਾਨ ਦਰੇ ਵਾਲੇ ਮਨੁੱਖ ਸਨ ਉਹ ਭੀ ਸੰਤ ਨਾਮ ਵਾਲੇ ਹੋ ਗਏ ਵਾ ਸੰਤ ਨਾਮ ਪ੍ਰਸਿੱਧ ਹੋਏ।

ਗੁਰਮਤਿ ਸਤਿ ਕਰਿ ਅਬਿਬੇਕੀ ਹੁਇ ਬਿਬੇਕੀ ਗੁਰਮਤਿ ਸਤਿ ਕਰਿ ਕਾਮ ਨਿਹਕਾਮ ਹੈ ।

ਗੁਰਮਤਿ ਸਤਿ ਕਰ ਕੇ ਅਬਿਬੇਕੀ ਬਿਬੇਕ ਵੀਚਾਰ ਤੋਂ ਰਹਿਤ ਮੂਰਖ ਲੋਕ ਭੀ ਬਿਬੇਕ ਵੀਚਾਰਵਾਨ ਸਿਆਣੇ ਬਣ ਗਏ, ਅਰੁ ਇਞੇਂ ਹੀ ਗੁਰਮਤਿ ਨੂੰ ਸਤਿ ਕਰ ਕੇ ਕਾਮ = ਕਾਮਨਾ ਕਰ ਕੇ ਗ੍ਰਸੇ ਹੋਏ ਕਾਮੀ ਲੋਕ ਨਿਹਕਾਮ ਨਿਸ਼ਕਾਮਤਾ ਵਾਨ ਕਾਮਨਾ ਰਹਿਤ = ਵੈਰਾਗੀ ਪੁਰਖ ਬਣ ਗਏ।

ਗੁਰਮਤਿ ਸਤਿ ਕਰਿ ਅਗਿਆਨੀ ਬ੍ਰਹਮਗਿਆਨੀ ਗੁਰਮਤਿ ਸਤਿ ਕਰਿ ਸਹਜ ਬਿਸ੍ਰਾਮ ਹੈ ।

ਗੁਰਮਤਿ ਸਤਿ ਕਰ ਕੇ ਅਗਿਆਨੀ ਅਗਿਆਨ = ਮਾਯਾ, ਅਵਿਦ੍ਯਾ ਦੇ ਅਧੀਨ ਵਰਤਨ ਵਾਲੇ ਬੇ ਸਮਝ ਲੋਕ ਬ੍ਰਹਮ ਗਿਆਨੀ = ਬ੍ਰਹਮ ਦੇ ਜਾਨਣ ਹਾਰੇ ਮਨ ਬੁਧੀ ਆਦਿਕਾਂ ਦੀ ਗੰਮਤਾ ਤੋਂ ਭੀ ਪਾਰ ਪਰਮ ਤੱਤ ਨੂੰ ਸਮਝਨ ਵਾਲੇ ਹੋ ਗਏ, ਤੇ ਗੁਰਮਤਿ ਨੂੰ ਸਤਿ ਕਰ ਕੇ ਸਹਜ ਸ੍ਵਰੂਪ ਗਿਆਨ ਸਰੂਪ ਉਕਤ ਬ੍ਰਹਮ ਵਿਖੇ ਬਿਸ੍ਰਾਮ ਚੈਨ ਟਿਕਾਉ ਇਸਥਿਤੀ ਨੂੰ ਪ੍ਰਾਪਤ ਹੋ ਗਏ ਅਨੁਭਵ ਸੰਪੰਨ ਬਣ ਗਏ।

ਗੁਰਮਤਿ ਸਤਿ ਕਰਿ ਜੀਵਨ ਮੁਕਤਿ ਭਏ ਗੁਰਮਤਿ ਸਤਿ ਕਰਿ ਨਿਹਚਲ ਧਾਮ ਹੈ ।੨੫।

ਇਸ ਪ੍ਰਕਾਰ ਗੁਰਮਤਿ ਨੂੰ ਸਤਿ ਕਰ ਕੇ ਉਹ ਜੀਵਨ ਮੁਕਤ ਜੀਉਂਦੇ ਜੀ ਹੀ ਮੈਂ ਮੇਰੀ ਮੋਹ ਮਮਤਾ ਦਿਆਂ ਬੰਧਨਾਂ ਤੋਂ ਰਹਿਤ ਹੋ ਗਏ ਵਾ ਸਰੀਰ ਵਿਖੇ ਵਸਦੇ ਹੋਏ ਭੀ ਅੰਦਰਲੇ ਨੂੰ ਵਾਹਿਗੁਰੂ ਪ੍ਰਾਇਣ ਕਰ ਕੇ ਅਲੇਪ ਰਹਿਣ ਵਾਲੇ ਬਣ ਗਏ ਤੇ ਇਸੇ ਹੀ ਗੁਰਮਤਿ ਦੀ ਸਤਿਆ ਕਰ ਕੇ ਇਸ ਮੁਕਤ ਧਾਮ = ਬ੍ਰਹਮ ਪਦ ਪਾਰਬ੍ਰਹਮ ਭਾਵ ਵਾਲੀ ਇਸਥਿਤੀ ਵਿਚ ਨਿਰਮਲ ਇਕ ਰਸ ਅਡੋਲ ਟਿਕੇ ਰਹਿੰਦੇ ਹਨ ਭਾਵ ਇਕ ਵਾਰ ਇਸ ਜੀਵਨ ਮੁਕਤੀ ਅਵਸਥਾ ਨੂੰ ਪ੍ਰਾਪਤ ਹੋ ਕੇ ਸਦਾ ਲਈ ਮੁੜ ਇਸ ਤੋਂ ਚਲਾਯਮਾਨ ਨਹੀਂ ਹੋਇਆ ਕਰਦੇ ॥੨੫॥


Flag Counter