ਜੀਕੂੰ ਮੂੰਹ ਦੇ ਮਿਠੇ ਗ੍ਰੀਬ ਗਊ ਵਰਗੇ ਤੇ ਉਂਞ ਬਾਘ ਸ਼ੇਰ ਸ਼ਿਕਾਰ ਦੀ ਖਾਤਰ ਮਿਰਗਾਂ ਦੀ ਡਾਰ ਵਿਚ ਵੱਸਦੇ ਹੋਣ ਅਥਵਾ ਸੰਜਮ ਧਾਰ ਲੈਣ ਦੀ ਪ੍ਰਤਿਗ੍ਯਾ ਦਾ ਗਾਨਾ ਬੰਨ੍ਹ ਕੇ ਬਿੱਲੀ ਜੀਕੂੰ ਪੰਛੀਆਂ ਜਨੌਰਾਂ ਨੂੰ ਭ੍ਰਮਾਵੇ।
ਵਾ ਜਿਸ ਭਾਂਤ ਬਗਲਾ ਅਖੀਆਂ ਮੀਟ ਮੀਟ ਕੇ ਮੱਛੀਆਂ ਨੂੰ ਠੱਗ ਠੱਗ ਭਛ੍ਯਾ ਕਰਦਾ ਹੈ। ਅਥਵਾ ਵੇਸਵਾ ਸਤਵੰਤੀਆਂ ਵਾਲੇ ਸ਼ਿੰਗਾਰ ਨੂੰ ਬਦਨ ਤੇ ਸਜਾ ਸਜਾ ਕੇ ਪਾਪ ਕਰਮ ਨੂੰ ਹੀ ਜੋਹਈ ਤਾਂਘਿਆ ਕਰਦੀ ਹੈ।
ਪੰਚਾ ਪੈਂਚ ਹੋਵੇ ਭੇਖ ਧਾਰੀ ਸਾਂਗੀ ਕੇਵਲ ਬਣੌਟੀ ਤੇ ਹੋਵੇ ਅਸਲ ਵਿਚ ਬਟਵਾਰੋ ਰਾਹ ਮਾਰ ਧਾੜਵੀ ਜੀਕੂੰ ਉਹ ਦ੍ਰੋਹੀ ਕਪਟੀ ਛਲ ਕਪਟ ਕਰ ਕੇ ਸੰਘਾਤੀ ਹਤਿਆਰਾ ਅੰਤਿ ਓੜਕ ਨੂੰ ਗਲ ਵਿਚ ਫਾਹ ਪਾ ਕੇ ਮਾਰ ਸਿੱਟਦਾ ਹੈ।
ਇਸੇ ਤਰ੍ਹਾਂ ਕਪਟ ਦਾ ਪ੍ਰੇਮ ਧਾਰ ਕੇ ਹਿੜਾ ਕਈ ਸਾਧ ਸੰਗਤਿ ਵਿਚ ਆਣ ਕੇ ਰਲਿਆ ਕਰਦਾ ਹੈ, ਉਹ ਅੰਦਰਲੀਆਂ ਪਾਪ ਬਾਸਨਾ ਮਈ ਗੰਢਾਂ ਨਾਲ ਗ੍ਰਸਿਆ ਹੋਣ ਕਾਰਨ ਵਿਨਾਹ ਕਰਨ ਵਾਲਾ ਹੀ ਰਹਿੰਦਾ ਹੈ, ਕੋਈ ਓਸ ਵਿਚ ਚੰਦਨ ਵਲੀ ਸੁਗੰਧੀ ਨਹੀਂ ਮਹਿਕਨ ਲਗ ਪੈਂਦੀ, ਭਾਵ ਸਤਸੰਗ ਦਾ ਪਾਹ ਓਨ੍ਹਾਂ ਨੂੰ ਨਹੀਂ ਲਗਿਆ ਕਰਦਾ ਹੈ ॥੨੪੦॥