ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 252


ਦ੍ਰਿਸਟਿ ਦਰਸ ਸਮਦਰਸ ਧਿਆਨ ਧਾਰਿ ਦੁਬਿਧਾ ਨਿਵਾਰਿ ਏਕ ਟੇਕ ਗਹਿ ਲੀਜੀਐ ।

ਤਾਂ ਤੇ ਪਿਆਰੇ ਸ੍ਰੋਤਾ ਜਨੋਂ! ਦ੍ਰਿਸ਼ਟੀ ਅੰਦਰ ਜੋ ਭੀ ਦਰਸ ਦਿਖਾਈ ਦਿੰਦਾ ਹੈ; ਓਸ ਨੂੰ ਸਮ ਸਮ ਸਰੂਪੀ ਬ੍ਰਹਮ ਹੀ ਦੇਖਦੇ ਹੋਏ, ਇਸੇ ਧਿਆਨ ਨੂੰ ਧਾਰੀ ਰਖਦਿਆਂ ਦ੍ਵੈਤ ਭਾਵ ਵਾ ਸੰਸੇ ਅੰਦੇਸੇ ਦੂਰ ਕਰ ਦਿਓ ਅਰੁ ਇਕ ਮਾਤ੍ਰ ਅਕਾਲ ਪੁਰਖੀ ਟੇਕ ਆਸਰਾ ਹੀ ਗ੍ਰਹਿਣ ਕਰ ਲਵੋ।

ਸਬਦ ਸੁਰਤਿ ਲਿਵ ਅਸਤੁਤਿ ਨਿੰਦਾ ਛਾਡਿ ਅਕਥ ਕਥਾ ਬੀਚਾਰਿ ਮੋਨਿ ਬ੍ਰਤ ਕੀਜੀਐ ।

ਐਸਾ ਨਾ ਹੋ ਸਕੇ ਤਾਂ ਸ਼ਬਦ ਵਿਖੇ ਸੁਰਤ ਦੀ ਲਿਵ ਲਗਾ ਕੇ ਉਸਤਤ ਨਿੰਦਾ ਭਲੇ ਬੁਰੇ ਆਖਣ ਦੀ ਵਾਦੀ ਨੂੰ ਛੱਡ ਦਿਓ ਅਰਥਾਤ ਅਕਥ ਕਥਾ ਨਾ ਕਥਨ ਕੀਤੇ ਜਾ ਸਕਨ ਵਾਲੇ ਅਜਪ ਜਾਪ ਰੂਪ ਅਭ੍ਯਾਸ ਵਿਚ ਬੀਚਾਰ ਵਿਚਰਦਿਆਂ ਵਰਤਦਿਆਂ ਹੋਇਆਂ ਮੌਨ ਬ੍ਰਤ ਚੁੱਪ ਦੀ ਪ੍ਰਤਿਗਿਆ ਕਰ ਲਵੋ ਭਾਵ, ਬ੍ਯਰਥ ਬਕਵਾਦ ਨੂੰ ਮੂਲੋਂ ਹੀ ਤਿਆਗ ਦਿਓ।

ਜਗਜੀਵਨ ਮੈ ਜਗ ਜਗ ਜਗਜੀਵਨ ਕੋ ਜਾਨੀਐ ਜੀਵਨ ਮੂਲ ਜੁਗੁ ਜੁਗੁ ਜੀਜੀਐ ।

ਇਸ ਪ੍ਰਕਾਰ ਦੀ ਧਾਰਣਾ ਕਰ ਕੇ ਜਗ ਜੀਵਨ ਮੈ ਪਰਮਾਤਮਾ ਮੀ ਬ੍ਰਹਮ ਸਰੂਪ ਹੀ ਜਗਤ ਨੂੰ ਅਰੁ ਜਗਤ ਰੂਪ ਹੋਇਆ ਜਗ ਜੀਵਨ ਪਰਮਾਤਮਾ ਨੂੰ ਜਾਣ ਲੋਵੇਗ ਭਾਵ, ਯਥਾਰਥ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਓਗੇ, ਤੇ ਸ਼ਇਉਂ ਜੀਵਨ ਮੂਲ ਜਿੰਦਗੀ ਦੇ ਤੱਤ ਪਰਮ ਤੱਤ ਪਰਮਾਰਥ ਨੂੰ ਪ੍ਰਾਪਤ ਹੋ ਕੇ ਜੁਗਾਂ ਜੁਗਾਂਤਰਾਂ ਪ੍ਰਯੰਤ ਜੀਊਨਹਾਰੇ ਅਬਿਨਾਸੀ ਪਦ ਪ੍ਰਾਪਤ ਤੁਸੀਂ ਬਣ ਜਾਓਗੇ।

ਏਕ ਹੀ ਅਨੇਕ ਅਉ ਅਨੇਕ ਏਕ ਸਰਬ ਮੈ ਬ੍ਰਹਮ ਬਿਬੇਕ ਟੇਕ ਪ੍ਰੇਮ ਰਸ ਪੀਜੀਐ ।੨੫੨।

ਸੋ ਇਕ ਅਕਾਲੀ ਸੱਤਾ ਹੀ ਅਨੇਕ ਰੂਪ ਹੋਈ ਹੋਈ ਅਤੇ ਅਨੇਕਾਂ ਵਿਖੇ ਉਹੀ ਇਕ ਸਰਬ ਮੈ ਸਰਬ ਸਰੂਪੀ ਬਣੀ ਹੋਈ ਦੇ ਬ੍ਰਹਮ ਬਿਬੇਕ ਬ੍ਰਹਮ ਗਿਆਨ ਦੀ ਟੇਕ ਧਾਰ ਕੇ ਐਸੀ ਦ੍ਰਿੜ੍ਹ ਨਿਸਚੇ ਮਈ ਇਸਥਿਤੀ ਨੂੰ ਸਾਧ ਕੇ ਪ੍ਰੇਮ ਰਸ ਬ੍ਰਹਮ ਸਾਖ੍ਯਾਤਕਾਰ ਤੋਂ ਪ੍ਰਾਪਤ ਹੋਣ ਹਾਰੇ ਪਰਮਾਨੰਦ ਨੂੰ ਪਾਨ ਕਰੋ ॥੨੫੨॥


Flag Counter