ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 171


ਪੂਰਨ ਬ੍ਰਹਮ ਗੁਰ ਚਰਨ ਕਮਲ ਜਸ ਆਨਦ ਸਹਜ ਸੁਖ ਬਿਸਮ ਕੋਟਾਨਿ ਹੈ ।

ਪੂਰਨ ਬ੍ਰਹਮ ਸਰੂਪ ਸਤਿਗੁਰਾਂ ਦੇ ਚਰਣ ਕਮਲਾਂ ਵਿਖੇ ਪ੍ਰਮੇ ਪਾਲਨ ਕਰਦਿਆਂ ਹੋਇਆਂ ਵਾਹਿਗੁਰੂ ਦੇ ਜੱਸ ਕੀਰਤਨ ਕਰਣੇ ਗੁਣਾਨੁਵਾਦ ਗਾਯਨ ਕਰਣੇ ਤੋਂ ਜੋ ਸਹਜ ਸਰੂਪੀ ਆਨੰਦ ਆਤਮ ਭਾਵੀ ਆਨੰਦ ਪ੍ਰਾਪਤ ਹੁੰਦਾ ਹੈ, ਓਸ ਅਗੇ ਕ੍ਰੋੜਾਂ ਹੀ ਸੁਖ ਲੋਕ ਪ੍ਰਲੋਕ ਦਿਆਂ ਭਸਗ ਪਦਾਰਥਾਂ ਤੋਂ ਪ੍ਰਾਪਤ ਹੋਣਹਾਰੀਆਂ ਖੁਸ਼ੀਆਂ ਬਿਸਮ ਹਰਾਨ ਹੋ ਜਾਂਦੀਆਂ ਹਨ ਅਥਵਾ ਬਿਖਮ ਭਾਵ ਨੂੰ ਅਰਥਾਤ ਅਪਨੀ ਹਸਤੀ ਹੋਂਦ ਵਲੋਂ ਨਾਸਤੀ ਰੂਪ ਨੂੰ ਪ੍ਰਾਪਤ ਹੋ ਜਾਯਾ ਕਰਦੀਆਂ ਹਨ। ਜਸ ਦੀ ਥਾਂ ਰਜ ਪਾਠਾਂਤਰ ਹੈ।

ਕੋਟਨਿ ਕੋਟਾਨਿ ਸੋਭ ਲੋਭ ਕੈ ਲੁਭਿਤ ਹੋਇ ਕੋਟਨਿ ਕੋਟਾਨਿ ਛਬਿ ਛਬਿ ਕੈ ਲੁਭਾਨ ਹੈ ।

ਕ੍ਰੋੜਾਂ ਪ੍ਰਕਾਰ ਦੀਆਂ ਕ੍ਰੋੜਾਂ ਹੀ ਸੋਭਾ ਲੁਭਾਯਮਾਨ ਹੋ ਕੇ ਲਾਲਚ ਲਲਚ ਕੇ ਓਸ ਦੀ ਪ੍ਰਾਪਤੀ ਖਾਤਰ ਲੋਭ ਕੈ ਲਾਲਸਾ ਕਰਦੀਆਂ ਰਹਿੰਦੀਆਂ ਹਨ ਅਤੇ ਐਸਾ ਹੀ ਕ੍ਰੋੜਾਂ ਭਾਂਤ ਦੀਆਂ ਕ੍ਰੋੜਾਂ ਛਬਾਂ ਸੁੰਦ੍ਰਤਾਈਆਂ ਫਬਨਾ ਛਬਿ ਕੈ ਓਸ ਆਤਮਾਨੰਦੀ ਦੀ ਫਬਨ ਸੁੰਦ੍ਰਤਾ ਦੀ ਖਾਤਰ ਲੁਭਾਨ ਹੈ ਲੁਭਾਯਮਾਨ ਹੋ ਰਹੀਆਂ ਹਨ।

ਕੋਮਲਤਾ ਕੋਟਿ ਲੋਟ ਪੋਟ ਹੁਇ ਕੋਮਲਤਾ ਕੈ ਸੀਤਲਤਾ ਕੋਟਿ ਓਟ ਚਾਹਤ ਹਿਰਾਨਿ ਹੈ ।

ਕ੍ਰੋੜਾਂ ਹੀ ਕੋਮਲਤਾਈਆਂ ਬਾਂਕੇਪਨ ਨਜ਼ਾਕਤਾਂ ਨਖ਼ਰੇ ਓਸ ਦੀ ਕੋਮਲਤਾ ਮਟਕ ਤੋਂ ਲੋਟ ਪੋਟ ਹੁੰਦੇ ਅਤੇ ਕ੍ਰੋੜਾਂ ਹੀ ਸੀਤਲਤਾਈਆਂ ਠੰਢਕਾਂ ਜੋ ਚੰਦ ਦੀ ਚਾਨਣੀ ਵਾ ਚੰਨਣ ਆਦਿਕਾਂ ਤੋਂ ਕਲੇਜੇ ਉੱਪਰ ਅਸਰ ਪਯਾ ਕਰਦੀਆਂ ਹਨ ਓਸ ਆਤਮਾ ਅਨੰਦ ਦ੍ਵਾਰੇ ਪ੍ਰਾਪਤ ਹੋਈ ਸ਼ਾਂਤੀ ਦੀ ਓਟ ਪਨਾਹ ਆਂਭ ਸਾਂਭ ਨੂੰ ਚਹੁੰਦੀਆਂ ਹਰਾਨ ਹੋ ਹੋ ਪੈਂਦੀਆਂ ਹਨ।

ਅੰਮ੍ਰਿਤ ਕੋਟਾਨਿ ਅਨਹਦ ਗਦ ਗਦ ਹੋਤ ਮਨ ਮਧੁਕਰ ਤਿਹ ਸੰਪਟ ਸਮਾਨਿ ਹੈ ।੧੭੧।

ਕ੍ਰੋੜਾਂ ਹੀ ਸੁਰਗੀ ਅੰਮ੍ਰਿਤ ਬੇਹੱਦ ਗਦਗਦਤਾ ਪ੍ਰਫੁੱਲਤਾ ਅਕੱਥ ਭਾਵੀ ਹਰਖਤਾਈ ਅਤ੍ਯੰਤ ਅਹਿਲਾਦਤਾ ਨੂੰ ਪ੍ਰਾਪਤ ਹੋ ਜਾਂਦੇ ਹਨ ਓਸ ਤੋਂ ਅਤੇ ਮਨ ਭੌਰਾ ਹੋ ਕੇ ਕੌਲ ਫੁਲ ਵਿਚ ਭੌਰੇ ਦੇ ਬੰਧਾਯਮਾਨ ਹੋ ਰਹਿਣ ਵਤ ਤਿਸ ਆਨੰਦ ਮਈ ਡੱਬੇ ਵਿਚ ਸਮਾਯਾ ਰਹਿੰਦਾ ਲਿਵ ਲੀਨ ਹੋ ਜਾਯਾ ਕਰਦਾ ਹੈ ॥੧੭੧॥


Flag Counter