ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 208


ਜੋਈ ਪ੍ਰਿਅ ਭਾਵੈ ਤਾਹਿ ਦੇਖਿ ਅਉ ਦਿਖਾਵੇ ਆਪ ਦ੍ਰਿਸਟਿ ਦਰਸ ਮਿਲਿ ਸੋਭਾ ਦੈ ਸੁਹਾਵਈ ।

ਜਿਹੜਾ ਸਿੱਕਵੰਦ ਗੁਰਮੁਖ ਪਿਆਰੇ ਸਤਿਗੁਰੂ ਪ੍ਰੀਤਮ ਨੂੰ ਭਾ ਆਵੇ ਓਸ ਦੇ ਮਨ ਅੰਦਰ ਜਚ ਪਵੇ ਤਿਸ ਨੂੰ ਹੀ ਉਹ ਦੇਖਦਾ ਆਪਣੀ ਨਿਗ੍ਹਾ ਤਲੇ ਲ੍ਯੋਂਦਾ ਅਤੇ ਅਪਨੇ ਆਪ ਨੂੰ ਦਿਖੌਂਦਾ ਦਰਸ਼ਨ ਦਿੰਦਾ ਹੈ। ਇਸ ਪ੍ਰਕਾਰ ਪ੍ਰੇਮੀ ਅਰੁ ਪ੍ਰੀਤਮ ਆਪੋ ਵਿਚ ਦਰਸ਼ਨ ਦਿੰਦੇ ਲੈਂਦੇ, ਪਰਸਪਰ ਦ੍ਰਿਸ਼ਟੀਆਂ ਨਜਰਾਂ ਦੇ ਮਿਲਾਪ ਵਿਚ ਸ਼ੋਭਾ ਦਿੰਦੇ ਹੋਏ ਸੋਹਣੇ ਚੰਗੇ ਲਗਦੇ ਹਨ।

ਜੋਈ ਪ੍ਰਿਅ ਭਾਵੈ ਮੁਖ ਬਚਨ ਸੁਨਾਵੇ ਤਾਹਿ ਸਬਦਿ ਸੁਰਤਿ ਗੁਰ ਗਿਆਨ ਉਪਜਾਵਈ ।

ਜਿਹੜਾ ਕੋਈ ਪਿਆਰੇ ਨੂੰ ਭਾ ਆਵੇ ਪਿਆਰਾ ਲਗ ਪਵੇ ਓਸੇ ਨੂੰ ਹੀ ਅਪਣੇ ਉਪਦੇਸ਼ ਮਈ ਬਚਨ ਸੁਣਾ ਸੁਣਾਕੇ ਸ਼ਬਦ ਵਿਖੇ ਸੁਰਤਿ ਟਿਕਾਨ ਦਾ ਅਥਵਾ ਸ਼ਬਦ ਦੀ ਸੋਝੀ ਪੈਣ ਤੋਂ ਹੋਣ ਵਾਲਾ ਗਿਆਨ, ਸਤਿਗੁਰੂ ਉਤਪੰਨ ਕਰੌਂਦੇ ਹਨ।

ਜੋਈ ਪ੍ਰਿਅ ਭਾਵੈ ਦਹ ਦਿਸਿ ਪ੍ਰਗਟਾਵੈ ਤਾਹਿ ਸੋਈ ਬਹੁਨਾਇਕ ਕੀ ਨਾਇਕਾ ਕਹਾਵਈ ।

ਜਿਹੜਾ ਕੋਈ ਪਿਆਰੇ ਪ੍ਰੀਤਮ ਨੂੰ ਭਾ ਪਵੇ ਓਸੇ ਨੂੰ ਹੀ ਉਹ ਦਸਾਂ ਦਿਸ਼ਾਂ ਵਿਚ ਪ੍ਰਗਟ ਉਘਿਆਂ ਕਰ ਦਿੰਦਾ ਭਾਵ ਓਸ ਦੀ ਕੀਰਤੀ ਸਭਨੀਂ ਦਾਈਂ ਕਰਾ ਦਿੰਦਾ ਹੈ ਤੇ ਓਹੋ ਹੀ ਬਹੁਤਿਆਂ ਦੇ ਨਾਯਕ ਸ੍ਵਾਮੀ ਸਭ ਸਿੱਖਾਂ ਦੇ ਮਾਲਕ ਸਤਿਗੁਰੂ ਦੀ ਨਾਯਕਾ ਸ੍ਵਾਮਨੀ ਪ੍ਰਵਾਣਿਆ ਹੋਯਾ ਮਨਜੂਰ ਨਜ਼ਰ ਸਿੱਖ ਅਖਾਇਆ ਕਰਦਾ ਹੈ।

ਜੋਈ ਪ੍ਰਿਅ ਭਾਵੈ ਸਿਹਜਾਸਨਿ ਮਿਲਾਵੈ ਤਾਹਿ ਪ੍ਰੇਮ ਰਸ ਬਸ ਕਰਿ ਅਪੀਉ ਪੀਆਵਈ ।੨੦੮।

ਜਿਹੜਾ ਕੋਈ ਪਿਆਰੇ ਪ੍ਰੀਤਮ ਨੂੰ ਭਾ ਜਾਵੇ ਓਸ ਨੂੰ ਹੀ ਸਿਹਜਾਸਨ ਸਹਿਜ ਰੂਪਣੀ ਇਸਥਿਤੀ ਦੇ ਸਥਾਨ ਦਸਮ ਦ੍ਵਾਰ ਵਾ ਆਤਮ ਪਦ ਵਿਖੇ ਮਿਲਾ ਲੀਨ ਕਰ ਲੈਂਦਾ ਹੈ। ਤੇ ਇਸੇ ਭਾਂਤ ਪ੍ਰੇਮ ਰਸ ਦੇ ਅਧੀਨ ਕਰ ਕੇ ਓਸ ਨੂੰ ਅਪਿਓ ਅਨੁਭਵ ਰਸ ਰੂਪ ਅੰਮ੍ਰਿਤ ਨੂੰ ਪਿਆਯਾ ਕਰਦਾ ਹੈ ॥੨੦੭॥