ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 311


ਕਾਰਤਕ ਜੈਸੇ ਦੀਪਮਾਲਕਾ ਰਜਨੀ ਸਮੈ ਦੀਪ ਜੋਤਿ ਕੋ ਉਦੋਤ ਹੋਤ ਹੀ ਬਿਲਾਤ ਹੈ ।

ਜਿਸ ਤਰ੍ਹਾਂ ਕੱਤਕ ਦੇ ਮਹੀਨੇ ਦੀਪਮਾਲਾ ਦਿਵਾਲੀ ਦੀ ਰਾਤ ਸਮੇਂ ਦੀਵਿਆਂ ਦੀਆਂ ਲਾਟਾਂ ਬਲ ਕੇ ਬੁਝ ਜਾਇਆ ਕਰਦੀਆਂ ਹਨ

ਬਰਖਾ ਸਮੈ ਜੈਸੇ ਬੁਦਬੁਦਾ ਕੌ ਪ੍ਰਗਾਸ ਤਾਸ ਨਾਮ ਪਲਕ ਮੈ ਨ ਤਉ ਠਹਿਰਾਤ ਹੈ ।

ਤਉਫੇਰ ਜਿਸ ਤਰ੍ਹਾਂ ਮੀਂਹ ਪੈਂਦਿਆਂ ਹੋਇਆਂ ਬੁਲਬੁਲੇ ਦਾ ਪ੍ਰਗਾਸ ਉਪਜਨਾ ਹੁੰਦਾ ਹੈ, ਪਰੰਤੂ ਓਸ ਦਾ ਨਾਮ ਨਿਸ਼ਾਨ ਇਕ ਅੱਖ ਦਾ ਫੋਰ ਮਾਤ੍ਰ ਭੀ ਨਹੀਂ ਟਿਕਿਆ ਰਿਹਾ ਕਰਦਾ।

ਗ੍ਰੀਖਮ ਸਮੈ ਜੈਸੇ ਤਉ ਮ੍ਰਿਗ ਤ੍ਰਿਸਨਾ ਚਰਿਤ੍ਰ ਝਾਈ ਸੀ ਦਿਖਾਈ ਦੇਤ ਉਪਜਿ ਸਮਾਤ ਹੈ ।

ਤਉ ਮੁੜ ਜਿਸ ਤਰ੍ਹਾਂ ਗ੍ਰੀਖਮ ਹੁਨਾਲੇ ਦੇ ਦਿਨਾਂ ਵਿਖੇ ਮਾਰੂਥਲਾਂ ਰੇਤ ਛਲਿਆਂ ਵਿਖੇ ਮ੍ਰਿਗ ਤ੍ਰਿਸਨਾ ਦਿਖਾਵਾ ਝੌਲਾਮਾਤ੍ਰ ਨਦੀ ਦਾ ਚਰਿਤ੍ਰ ਵਰਤਾਰਾ ਝਲਕਾ ਜਿਹਾ ਦਿਖਾਈ ਦੇ ਕੇ ਅਨ ਹੋਇਆ ਹੀ ਉਤਪੰਨ ਹੁੰਦੇ ਸਾਰ ਸਮਾ ਜਾਂਦਾ ਗੁੰਮ ਹੋ ਜਾਂਦਾ ਹੈ।

ਤੈਸੇ ਮੋਹ ਮਾਇਆ ਛਾਇਆ ਬਿਰਖ ਚਪਲ ਛਲ ਛਲੈ ਛੈਲ ਸ੍ਰੀ ਗੁਰ ਚਰਨ ਲਪਟਾਤ ਹੈ ।੩੧੧।

ਤਿਸੀ ਪ੍ਰਕਾਰ ਹੀ ਜਿਸ ਮਾਯਾ ਦਾ ਮੋਹ ਬਿਰਛ ਦੇ ਚੰਚਲ ਚਲਾਯਮਾਨ ਹੋਣ ਹਾਰੇ ਪਰਛਾਵੇਂ ਵਾਕੂੰ ਆਪਣੇ ਫਲ ਨਾਲ ਸੰਸਾਰ ਭਰ ਨੂੰ ਹੀ ਛਲਦਾ ਰਹਿੰਦਾ ਹੈ, ਓਹੀ ਛੈਲ ਛਲਾਂ ਭਰੀ ਛਿੰਡਾਰ ਮਾਯਾ ਸਤਿਗੁਰਾਂ ਦੇ ਚਰਣੀਂ ਢੱਠੀ ਰਹਿੰਦੀ ਹੈ, ਭਾਵ ਸਤਿਗੁਰਾਂ ਦੀ ਸਾਧ ਸੰਗਤ ਵਿਚ ਔਣ ਹਾਰੇ ਨੂੰ ਏਸ ਕਰ ਕੇ ਛਲ ਨਹੀਂ ਸਕਦੀ ਤੇ ਇਸ ਤਰ੍ਹਾਂ ਉਹ ਮਾਯਾ ਤੋਂ ਸਦੀਵ ਵਾਸਤੇ ਛੁੱਟਿਆਂ ਬਚਿਅ ਰਹਿੰਦਾ ਹੈ ॥੩੧੧॥