ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 155


ਜੈਸੇ ਸੂਆ ਉਡਤ ਫਿਰਤ ਬਨ ਬਨ ਪ੍ਰਤਿ ਜੈਸੇ ਈ ਬਿਰਖ ਬੈਠੇ ਤੈਸੋ ਫਲੁ ਚਾਖਈ ।

ਜਿਸ ਤਰ੍ਹਾਂ ਤੋਤਾ ਉਡਦਾ ਫਿਰਦਾ ਹੈ ਬਨ ਬਨ ਤਾਂਈ ਅਰਥਾਤ ਇਕ ਜੰਗਲ ਤੋਂ ਦੂਏ ਨੂੰ ਤੇ ਦੂਏ ਤੋਂ ਤੀਏ ਚੌਥੇ ਆਦਿ ਵਿਖੇ, ਪਰੰਤੂ ਜੇਹੋ ਜੇਹੇ ਖੱਟੇ ਮਿਠੇ ਬੇਰ ਅੰਬ ਆਦਿ ਫਲ ਬੂਟੇ ਉੱਤੇ ਬੈਠਦਾ ਹੈ ਓਹੋ ਓਹੋ ਜੇਹੇ ਫਲ ਸ੍ਵਾਦ ਨੂੰ ਚਖਿਆ ਕਰਦਾ ਹੈ। ਇਸੇ ਭਾਂਤ ਉਹ ਫੜਿਆ ਜਾਕੇ

ਪਰ ਬਸਿ ਹੋਇ ਜੈਸੀ ਜੈਸੀ ਐ ਸੰਗਤਿ ਮਿਲੈ ਸੁਨਿ ਉਪਦੇਸ ਤੈਸੀ ਭਾਖਾ ਲੈ ਸੁ ਭਾਖਈ ।

ਪਰ ਅਧੀਨ ਹੋ ਕੇ ਜਿਸ ਜਿਸ ਭਾਂਤ ਦੀ ਸੰਗਤਿ ਵਿਖੇ ਮਿਲਿਆ ਕਰਦਾ ਹੈ, ਸੁਣ ਸੁਣ ਕੇ ਵੈਸਿਆਂ ਵੈਸਿਆਂ ਬਚਨਾਂ ਉਪਦੇਸ਼ਾਂ ਸਮਝੌਤੀਆਂ ਨੂੰ ਤੈਸੀ ਤੈਸੀ ਭਾਖਾ ਬੋਲੀ ਹੀ ਸੁ ਉਹ ਫੇਰ ਲੈ ਭਾਖਈ ਲੈ ਉਚਾਰਦਾ ਹੈ।

ਤੈਸੇ ਚਿਤ ਚੰਚਲ ਚਪਲ ਜਲ ਕੋ ਸੁਭਾਉ ਜੈਸੇ ਰੰਗ ਸੰਗ ਮਿਲੈ ਤੈਸੇ ਰੰਗ ਰਾਖਈ ।

ਤਿਸੀ ਪ੍ਰਕਾਰ ਚਿੱਤ ਚੰਚਲ ਉਡਾਰੂ ਹੈ ਤੇ ਸੁਭਾਵ ਇਸ ਦਾ ਜਲ ਦੇ ਸਮਾਨ ਚਪਲ ਅਨ ਇਸਥਿਰ ਚਲਾਇਮਾਨ ਰਹਿਣ ਵਾਲਾ ਹੈ, ਜਿਹੋ ਜੇਹੇ ਰੰਗ ਨਾਲ ਮਿਲਦਾ ਹੈ ਇਹ ਤੇਹੋ ਜੇਹਾ ਹੀ ਰੰਗ ਰਖ ਲਿਆ ਧਾਰ ਲਿਆ ਕਰਦਾ ਹੈ। ਅਰਥਾਤ ਜਿਸ ਜਿਸ ਤਰ੍ਹਾਂ ਦੇ ਪਦਾਰਥਾਂ ਦੀ ਸਮੀਪਤਾ ਚਿੱਤ ਨੂੰ ਪ੍ਰਾਪਤ ਹੁੰਦੀ ਹੈ ਓਹੋ ਓਹੋ ਜੇਹੀ ਹੀ ਵਾਸ਼ਨਾ ਖੜੀ ਕਰਨ ਲਗ ਪਿਆ ਕਰਦਾ ਹੈ। ਬਸ ਇਸੇ ਵਾਸ਼ਨਾ ਦੇ ਅਧੀਨ ਹੀ।

ਅਧਮ ਅਸਾਧ ਜੈਸੇ ਬਾਰੁਨੀ ਬਿਨਾਸ ਕਾਲ ਸਾਧਸੰਗ ਗੰਗ ਮਿਲਿ ਸੁਜਨ ਭਿਲਾਖਈ ।੧੫੫।

ਜਿਸ ਭਾਂਤ ਇਕ ਨੀਚ ਭੈੜਾ ਆਦਮੀ ਮਰਣ ਲਗਿਆਂ ਭੀ ਸ਼ਰਾਬ ਨੂੰ ਹੀ ਲੋਚਦਾ ਹੈ। ਇਸੇ ਭਾਂਤ ਸ੍ਰੇਸ਼ਟ ਸੰਗਤ ਸਤਸੰਗ ਵਿਖੇ ਮਿਲਿਆ ਹੋਯਾ ਸੁਜਨ ਸ੍ਰੇਸ਼ਟ ਮਨੁੱਖ ਮਰਣ ਲਗਾ ਭੀ ਗੰਗਾ ਜਲ ਵਾ ਭਲਾ ਸੰਗ ਮੰਗਿਆ ਕਰਦਾ ਹੈ ॥੧੫੫॥


Flag Counter