ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 516


ਜੈਸੇ ਬਿਨੁ ਪਵਨੁ ਕਵਨ ਗੁਨ ਚੰਦਨ ਸੈ ਬਿਨੁ ਮਲਿਆਗਰ ਪਵਨ ਕਤ ਬਾਸਿ ਹੈ ।

ਜਿਸ ਤਰ੍ਹਾਂ ਪੌਣ ਤੋਂ ਬਿਨਾਂ ਚੰਨਣ ਦਾ ਕੋਈ ਗੁਣ ਲਾਭ ਨਹੀਂ ਅਤੇ ਬਿਨਾਂ ਚੰਨਣ ਦੇ ਪੌਣ ਕਿਥੋਂ ਵਾਸਨਾ ਸੁਗੰਧੀ ਨੂੰ ਵਸਾ ਸੱਕੇ।

ਜੈਸੇ ਬਿਨੁ ਬੈਦ ਅਵਖਦ ਗੁਨ ਗੋਪਿ ਹੋਤ ਅਵਖਦ ਬਿਨੁ ਬੈਦ ਰੋਗਹਿ ਨ ਗ੍ਰਾਸ ਹੈ ।

ਜਿਸ ਤਰ੍ਹਾਂ ਬਿਨਾਂ ਬੈਦ ਹਕੀਮ ਦੇ ਅਉਖਦੀ ਦੇ ਦਵਾਈ ਦਾ ਗੁਣ 'ਗੋਪ' ਲੁਕਿਆ ਹੀ ਰਹਿੰਦਾ ਹੈ ਅਤੇ ਔਖਦੀ ਬਿਨਾਂ ਬੈਦ ਭੀ ਰੋਗ ਨੂੰ ਦੂਰ ਨਹੀਂ ਕਰ ਸਕਦਾ।

ਜੈਸੇ ਬਿਨੁ ਬੋਹਿਥਨ ਪਾਰਿ ਪਰੈ ਖੇਵਟ ਸੈ ਖੇਵਟ ਬਿਹੂੰਨ ਕਤ ਬੋਹਿਥ ਬਿਸ੍ਵਾਸੁ ਹੈ ।

ਜਿਸ ਤਰ੍ਹਾਂ ਜਹਾਜ ਤੋਂ ਬਿਨਾਂ ਮਲਾਹ ਕੋਲੋਂ ਪਾਰ ਨਹੀਂ ਪੈ ਸਕੀਦਾ, ਅਤੇ ਮਲਾਹ ਤੋਂ ਬਿਨਾਂ ਜਹਾਜ ਦਾ ਭਰੋਸਾ ਕਾਸ ਦਾ?

ਤੈਸੇ ਗੁਰ ਨਾਮੁ ਬਿਨੁ ਗੰਮ ਨ ਪਰਮਪਦੁ ਬਿਨੁ ਗੁਰ ਨਾਮ ਨਿਹਕਾਮ ਨ ਪ੍ਰਗਾਸ ਹੈ ।੫੧੬।

ਨਾਮ ਜਪੰਤਾ ਸਤਿਗੁਰੂ ਤੈਸੇ ਹੀ ਜੋ ਨਾਮ ਸ਼ਬਦ ਦਾ ਭੇਤੀ ਮਹਰਮੀ ਨਹੀਂ; ਯਾ ਸ਼ਬਦ ਦਾ ਅਭ੍ਯਾਸੀ ਨਹੀਂ ਤਾਂ ਐਸੇ ਗੁਰੂ ਪਾਸੋਂ ਪਰਮਪਦ ਵਿਖੇ ਪਹੁੰਚ ਨਹੀਂ ਹੋ ਸਕਦੀ। ਵਾ ਗੁਰੂ ਤਾਂ ਧਾਰੀ ਫਿਰਦਾ ਹੈ, ਯਾ ਗੁਰੂ ਦੀ ਟੇਕ ਚਾਹੇ ਪਕੜੀ ਹੋਈ ਹੈ, ਪਰ ਨਾਮ ਨਹੀਂ ਜਪਦਾ ਉਹ ਮਨੁੱਖ ਪਰਮਪਦ ਤੋਂ ਵੰਜ੍ਯਾ ਰਹੂ। ਅਰੁ ਐਸਾ ਹੀ ਨਾਮ ਪਿਆ ਜਪੇ, ਪ੍ਰੰਤੂ ਗੁਰੂ ਦੀ ਟੇਕੋਂ ਸੱਖਣਾ ਹੈ, ਤਾਂ ਉਹ ਨਾਮ ਭੀ ਨਿਕੰਮਾ ਹੀ ਜਾਊ ਗ੍ਯਾਨ ਦਾ ਪ੍ਰਕਾਸ਼ ਨਹੀਂ ਹੋ ਸਕੇਗਾ ਅਥਵਾ ਐਸਾ ਨਾਮ ਨਿਸ਼ਕਾਮ ਪਦ ਕੈਵਲ ਮੋਖ ਦਾ ਪ੍ਰਗਾਸ ਨਹੀਂ ਕਰ ਸਕਦਾ ॥੫੧੬॥


Flag Counter